ਦਿੱਲੀ ਹਿੰਸਾ: ਪੁਲਸ ਵਲੋਂ ਦਰਜ FIR ’ਚ ਰਾਕੇਸ਼ ਟਿਕੈਤ ਸਮੇਤ ਇਨ੍ਹਾਂ ਕਿਸਾਨ ਆਗੂਆਂ ਦੇ ਨਾਂ ਸ਼ਾਮਲ
Wednesday, Jan 27, 2021 - 03:49 PM (IST)
ਨਵੀਂ ਦਿੱਲੀ— ਗਣਤੰਤਰ ਦਿਵਸ ਦੇ ਦਿਨ ਦਿੱਲੀ ’ਚ ਕਿਸਾਨ ਟਰੈਕਟਰ ਪਰੇਡ ਕੱਢੀ ਗਈ। ਇਸ ਪਰੇਡ ਦੌਰਾਨ ਦਿੱਲੀ ਪੁਲਸ ਅਤੇ ਪ੍ਰਦਰਸ਼ਕਾਰੀ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਇਸ ਸਬੰਧੀ ਦਿੱਲੀ ਪੁਲਸ ਨੇ ਕਾਰਵਾਈ ਕੀਤੀ ਹੈ। ਇਸ ਹਿੰਸਾ ਦੇ ਸਬੰਧ ’ਚ ਦਿੱਲੀ ਪੁਲਸ ਨੇ ਕਿਸਾਨ ਆਗੂਆਂ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ।
ਦਿੱਲੀ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਕਿਸਾਨ ਆਗੂ ਦਰਸ਼ਨ ਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਰਾਕੇਸ਼ ਟਿਕੈਤ ਦੇ ਨਾਂ ਸ਼ਾਮਲ ਹਨ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ਦੌਰਾਨ ਇਨ੍ਹਾਂ ਆਗੂਆਂ ਵਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ। ਦੱਸ ਦੇਈਏ ਕਿ ਇਹ ਸਾਰੇ ਕਿਸਾਨ ਆਗੂ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਸਰਕਾਰ ਨਾਲ ਗੱਲਬਾਤ ਹੋਵੇ ਜਾਂ ਟਰੈਕਟਰ ਪਰੇਡ ਨੂੰ ਲੈ ਕੇ ਰੂਟ ਤੈਅ ਕਰਨ ਦੀ ਗੱਲ ਹੋਵੇ, ਇਸ ’ਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਅੱਜ ਸ਼ਾਮ 4 ਵਜੇ ਦਿੱਲੀ ਪੁਲਸ ਪ੍ਰੈੱਸ ਕਾਨਫਰੰਸ ਕਰੇਗੀ, ਜਿਸ ’ਚ ਹਿੰਸਾ ਨੂੰ ਲੈ ਕੇ ਪੁਲਸ ਜਾਣਕਾਰੀ ਦੇਵੇਗੀ।
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਯਾਨੀ ਕਿ ਕੱਲ੍ਹ ਕਿਸਾਨਾਂ ਨੇ ਟਰੈਕਟਰ ਪਰੇਡ ਵੀ ਕੱਢੀ। 2 ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹਿੰਸਕ ਹੋ ਗਿਆ। ਟਰੈਕਟਰ ਪਰੇਡ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਨਿਯਮ ਵੀ ਤੋੜੇ ਅਤੇ ਬੈਰੀਕੇਡਜ਼ ਤੋੜਦੇ ਹੋਏ ਅੱਗੇ ਵੱਧੇ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪੁੱਜ ਗਏ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਪੂਰੇ ਘਟਨਾ¬ਕ੍ਰਮ ਮਗਰੋਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਦਿੱਲੀ-ਐੱਨ. ਸੀ. ਆਰ. ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਪੁਲਸ ਨੇ ਇਸ ਹਿੰਸਾ ਦੇ ਸਬੰਧ ’ਚ 200 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਦਿੱਲੀ ਪੁਲਸ ਹੁਣ ਤੱਕ ਕੁੱਲ 22 ਐੱਫ. ਆਈ. ਆਰ. ਦਰਜ ਕਰ ਚੁੱਕੀ ਹੈ।