ਮਿਗ-21 ਕ੍ਰੈਸ਼: ਸ਼ਹੀਦ ਹੋਏ ਪਾਇਲਟ ਅਭਿਨਵ ਨੇ ਸਿਰਫ਼ 1 ਰੁਪਇਆ ਲੈ ਕੇ ਕੀਤਾ ਸੀ ਵਿਆਹ

Friday, May 21, 2021 - 06:38 PM (IST)

ਮਿਗ-21 ਕ੍ਰੈਸ਼: ਸ਼ਹੀਦ ਹੋਏ ਪਾਇਲਟ ਅਭਿਨਵ ਨੇ ਸਿਰਫ਼ 1 ਰੁਪਇਆ ਲੈ ਕੇ ਕੀਤਾ ਸੀ ਵਿਆਹ

ਮੇਰਠ– ਪੰਜਾਬ ਦੇ ਮੋਗਾ ’ਚ ਵੀਰਵਾਰ ਦੇਰ ਰਾਤ ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਇਸ ਵਿਚ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਏ। ਉਨ੍ਹਾਂ ਦਾ 17 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਸਮੇਂ ਉਨ੍ਹਾਂ ਦਾ ਵਿਆਹ ਕਾਫ਼ੀ ਚਰਚਾ ’ਚ ਰਿਹਾ ਸੀ। ਦਰਅਸਲ, ਉਨ੍ਹਾਂ ਨੇ ਸਹੁਰਿਆਂ ਵਲੋਂ ਦਿੱਤੀ ਜਾ ਰਹੀ ਨਕਦ ਧੰਨ ਰਾਸ਼ੀ ਵਾਪਸ ਕਰਕੇ ਸ਼ਗਨ ’ਚ ਸਿਰਫ਼ ਇਕ ਰੁਪਈਆ ਲਿਆ ਸੀ। ਅਭਿਨਵ ਮੰਨਦੇ ਸਨ ਕਿ ਵਿਆਹ ’ਚ ਦਾਜ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਦੋ ਪਰਿਵਾਰਾਂ ਨੂੰ ਜੋੜਨ ਲਈ ਦਾਜ ਦਾ ਲੈਣ-ਦੇਣ ਜ਼ਰੂਰੀ ਨਹੀਂ ਹੈ। ਉਹ ਮੰਨਦੇ ਸਨ ਕਿ ਦਾਜ ਪ੍ਰਥਾ ’ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। 

ਉੱਤਰ-ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਡੌਤ-ਬੁੜਨਾ ਰੋਡ ਸਥਿਤ ਪੁਸਾਰ ਪਿੰਡ ਨਿਵਾਸੀ ਅਭਿਨਵ ਚੌਧਰੀ ਦਾ ਪਰਿਵਾਰ ਸੀ-91 ਗੰਗਾਸਾਗਰ ਕਲੋਨੀ ’ਚ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਸਤਿੰਦਰ ਚੌਧਰੀ ਕਿਸਾਨ ਹਨ। 25 ਦਸੰਬਰ 2019 ਨੂੰ ਅਭਿਨਵ ਦਾ ਵਿਆਹ ਮੇਰਠ ’ਚ ਹੋਈ ਸੀ। ਅਭਿਨਵ ਦੀ ਪਤਨੀ ਸੋਨੀਕਾ ਉਜਵਲ ਨੇ ਫਰਾਂਸ ’ਚ ਮਾਸਟਰ ਆਫ ਸਾਇੰਸ ਦੀ ਪੜਾਈ ਕੀਤੀ ਹੈ। 

PunjabKesari

ਦੇਹਰਾਦੂਨ ਤੋਂ ਪੜਾਈ, ਪੁਣੇ ’ਚ ਟ੍ਰੇਨਿੰਗ
ਅਭਿਨਵ ਚੌਧਰੀ ਇਨ੍ਹੀਂ ਦਿਨੀਂ ਪਠਾਨਕੋਟ ਏਅਰਬੇਸ ’ਚ ਤਾਇਨਾਤ ਸਨ। ਉਨ੍ਹਾਂ IIMC ਦੇਹਰਾਦੂਨ ’ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਸਿਲੈਕਸ਼ਨ ਐੱਨ.ਡੀ.ਏ. ’ਚ ਹੋਇਆ। ਪੁਣੇ ’ਚ ਤਿੰਨ ਸਾਲਾਂ ਬਾਅਦ ਹੈਦਰਾਬਾਦ ਦੇ ਏ.ਐੱਫ.ਏ. ’ਚ ਹਵਾਈ ਫੌਜ ਦੀ ਟ੍ਰੇਨਿੰਗ ਪੂਰੀ ਕੀਤੀ। ਅਭਿਨਵ ਦੀ ਮਾਂ ਸੱਤਿਆ ਚੌਧਰੀ ਹਾਊਸ ਵਾਈਫ ਹਨ, ਜਦਕਿ ਇਕ ਛੋਟੀ ਭੈਣ ਮੁਦਰਿਕਾ ਚੌਧਰੀ ਹੈ। 

PunjabKesari

ਹਾਦਸੇ ਦੇ 4 ਘੰਟਿਆਂ ਬਾਅਦ ਮਿਲਿਆ ਪਾਇਲਟ ਅਭਿਨਵ ਦੀ ਮ੍ਰਿਤਕ ਦੇਹ
ਇਹ ਹਾਦਸਾ ਮੋਗਾ ਤੋਂ ਕਰੀਬ 25 ਕਿਲੋਮੀਟਰ ਬਾਘਾਪੁਰਾਣਾ ਦੇ ਪਿੰਡ ਲੰਗਿਆਨਾ ਖੁਰਦ ਨੇੜੇ ਹੋਇਆ। ਜਹਾਜ਼ ਦੇ ਡਿੱਗਦੇ ਹੀ ਉਸ ਵਿਚ ਅੱਗ ਲੱਗ ਗਈ। ਐੱਸ.ਪੀ. ਹੈੱਡਕੁਆਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਟ੍ਰੇਨਿੰਗ ਸੈਸ਼ਨ ਦੌਰਾਨ ਪਾਇਲਟ ਅਭਿਨਵ ਚੌਧਰੀ ਨੇ ਮਿਗ-21 ਰਾਹੀਂ ਰਾਜਸਥਾਨ ਦੇ ਸੂਰਤਗੜ੍ਹ ਲਈ ਉਡਾਣ ਭਰੀ ਸੀ ਪਰ ਇਹ ਮੋਗਾ ’ਚ ਕ੍ਰੈਸ਼ ਹੋ ਗਿਆ। 4 ਘੰਟਿਆਂ ਬਾਅਦ ਪਾਇਲਟ ਅਭਿਨਵ ਚੌਧਰੀ ਦੀ ਮ੍ਰਿਤਕ ਦੇਹ ਖੇਤ ’ਚੋਂ ਮਿਲੀ। ਅਭਿਨਵ ਨੂੰ ਜਹਾਜ਼ ਕ੍ਰੈਸ਼ ਹੋਣ ਦਾ ਖ਼ਦਸ਼ਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਉਡਦੇ ਜਹਾਜ਼ ’ਚੋਂ ਛਾਲ ਮਾਰ ਦਿੱਤੀ ਪਰ ਪੈਰਾਸ਼ੂਟ ਨਹੀਂ ਖੁੱਲ੍ਹਿਆ, ਜਿਸ ਕਾਰਨ ਡਿੱਗ ਕੇ ਉਨ੍ਹਾਂ ਦੀ ਧੌਣ ਟੁੱਟ ਗਈ ਅਤੇ ਉਹ ਸ਼ਹੀਦ ਹੋ ਗਏ।


author

Rakesh

Content Editor

Related News