ਨਾ''ਪਾਕ'' ਪ੍ਰੇਮ ''ਚ ਫਸੀ ਸਰਕਾਰੀ ਸਕੂਲ ਦੀ ਟੀਚਰ, ਪੋਸਟ ਕਰਨੀ ਪਈ ਮਹਿੰਗੀ
Saturday, May 17, 2025 - 05:35 PM (IST)

ਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੌਰਾਨ ਇਕ ਸਰਕਾਰੀ ਸਕੂਲ ਦੀ ਮਹਿਲਾ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ ਟੀਚਰ ਨੇ ਪਾਕਿਸਤਾਨੀ ਫ਼ੌਜ ਦੇ ਪੱਖ ਵਿਚ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਸੀ। ਉਕਤ ਟੀਚਰ ਮੱਧ ਪ੍ਰਦੇਸ਼ ਦੇ ਸਿਹੋਰ ਦੇ ਇਕ ਸਰਕਾਰੀ ਸਕੂਲ ਦੀ ਹੈ। ਜ਼ਿਲ੍ਹਾ ਅਧਿਕਾਰੀ ਸੰਜੇ ਸਿੰਘ ਨੇ ਇਸ 'ਤੇ ਸਖ਼ਤ ਐਕਸ਼ਨ ਲੈਂਦੇ ਹੋਏ ਮਹਿਲਾ ਟੀਚਰ ਨੂੰ ਸਸਪੈਂਡ ਕਰ ਦਿੱਤਾ ਹੈ।
ਇਕ ਰਿਪੋਰਟ ਮੁਤਾਬਕ ਸਰਕਾਰੀ ਸਕੂਲ ਦੀ ਟੀਚਰ ਸ਼ਹਨਾਜ ਪਰਵੀਨ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਾਕਿਸਤਾਨ ਦੇ ਪੱਖ ਵਿਚ ਕੀਤੀ ਗਈ ਪੋਸਟ ਕਾਫੀ ਵਾਇਰਲ ਹੋ ਗਈ ਸੀ। ਇਸ ਪੋਸਟ ਵਿਚ ਉਨ੍ਹਾਂ ਨੇ ਪਾਕਿਸਤਾਨੀ ਫ਼ੌਜੀਆਂ ਲਈ ਦੁਆ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਪਾਕਿਸਤਾਨੀ ਫ਼ੌਜੀਆਂ ਨੂੰ ਅੱਲ੍ਹਾ ਚੰਗਾ ਰੱਖੇ। ਜ਼ਿਲ੍ਹਾ ਸਿੱਖਿਆ ਵਿਭਾਗ ਨੇ ਮਹਿਲਾ ਟੀਚਰ ਸ਼ਹਨਾਜ ਦੀ ਇਸ ਸੋਸ਼ਲ ਮੀਡੀਆ ਪੋਸਟ ਦੀ ਜਾਣਕਾਰੀ ਮਿਲਣ ਮਗਰੋਂ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਟੀਚਰ ਨੂੰ ਸਸਪੈਂਡ ਕਰ ਦਿੱਤਾ। ਸਿੱਖਿਆ ਵਿਭਾਗ ਨੇ ਕਿਹਾ ਕਿ ਮਹਿਲਾ ਟੀਚਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦਾ ਉਲੰਘਣ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ 6-7 ਮਈ ਦੀ ਦਰਮਿਆਨ ਰਾਤ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ 9 ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲੇ ਕੀਤੇ ਸਨ। ਭਾਰਤ ਵਲੋਂ ਇਹ ਫ਼ੌਜੀ ਕਾਰਵਾਈ ਭਾਰਤ ਦੇ ਹਿੱਸੇ ਵਾਲੇ ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਕੀਤੀ ਗਈ ਸੀ। ਪਹਿਲਗਾਮ ਅੱਤਵਾਦੀ ਹਮਲੇ ਵਿਚ 26 ਸੈਲਾਨੀ ਮਾਰੇ ਗਏ ਸਨ। ਇਸ ਘਟਨਾ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਭਾਰੀ ਤਣਾਅ ਅਤੇ ਫ਼ੌਜੀ ਟਕਰਾਅ ਵੇਖਣ ਨੂੰ ਮਿਲਿਆ ਸੀ।