ਪਿਤਾ ਨੇ 3 ਬੱਚਿਆਂ ਅਤੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ
Saturday, Jun 22, 2019 - 11:38 AM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਮਹਿਰੌਲੀ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸ਼ਖਸ ਨੇ ਆਪਣੇ 3 ਬੱਚਿਆਂ ਅਤੇ ਪਤਨੀ ਦਾ ਕਤਲ ਕਰ ਦਿੱਤਾ। ਦੋਸ਼ੀ ਸ਼ਖਸ ਨੇ ਸਾਰਿਆਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਕਰਨ ਵਾਲੇ ਸ਼ਖਸ ਨੇ ਇਕ ਨੋਟ ਵੀ ਲਿਖਿਆ ਹੈ, ਜਿਸ 'ਚ ਉਸ ਨੇ ਕਬੂਲਿਆ ਹੈ ਕਿ ਉਸ ਨੇ ਚਾਰਾਂ ਦਾ ਕਤਲ ਕੀਤਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਇੰਨਾ ਭਿਆਨਕ ਕਦਮ ਕਿਉਂ ਚੁੱਕਿਆ। ਸ਼ਖਸ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ। ਵੱਡੀ ਲੜਕੀ ਦੀ ਉਮਰ 7 ਸਾਲ, ਲੜਕੀ ਦੀ ਉਮਰ 5 ਸਾਲ ਅਤੇ ਸਭ ਤੋਂ ਛੋਟੀ ਬੇਟੀ ਦੀ ਉਮਰ 2 ਮਹੀਨੇ ਹੈ। ਦੋਸ਼ੀ ਦਾ ਨਾਂ ਉਪੇਂਦਰ ਸ਼ੁਕਲਾ ਹੈ। ਉਹ ਪੇਸ਼ੇ ਤੋਂ ਟੀਚਰ ਹੈ। ਉਸ ਨੇ ਸ਼ੁੱਕਰਵਾਰ ਦੇਰ ਰਾਤ 1 ਤੋਂ 1.30 ਵਜੇ ਦਰਮਿਆਨ ਸਾਰਿਆਂ ਦਾ ਕਤਲ ਕਰ ਦਿੱਤਾ।
ਪੁਲਸ ਦੀ ਪੁੱਛ-ਗਿੱਛ ਦਰਮਿਆਨ ਦੋਸ਼ੀ ਉਪੇਂਦਰ ਨੇ ਖੁਦ ਨੂੰ ਪਰੇਸ਼ਾਨੀ 'ਚ ਦੱਸਿਆ। ਜਿਸ ਘਰ 'ਚ ਚਾਰਾਂ ਦਾ ਕਤਲ ਹੋਇਆ, ਉਸੇ ਘਰ 'ਚ ਦੋਸ਼ੀ ਦੀ ਮਾਂ ਵੀ ਰਹਿੰਦੀ ਹੈ। ਉਸ ਨੇ ਦੇਖਿਆ ਕਿ ਉਪੇਂਦਰ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ ਤਾਂ ਉਸ ਨੇ ਸਵੇਰੇ ਗੁਆਂਢੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਗੁਆਂਢੀਆਂ ਨੇ 100 ਨੰਬਰ 'ਤੇ ਫੋਨ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।