ਲਗਾਤਾਰ 5 ਦਿਨ ਬੰਦ ਰਹਿਣਗੇ Bank ! ਨੋਟ ਕਰ ਲਓ ਤਰੀਕਾਂ ਤੇ ਜਲਦੀ ਨਿਪਟਾ ਲਓ ਜ਼ਰੂਰੀ ਕੰਮ
Sunday, Sep 20, 2026 - 02:24 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਕਿਸੇ ਸਰਕਾਰੀ ਬੈਂਕ ਵਿੱਚ ਖਾਤਾ ਚਲਾ ਰਹੇ ਹੋ ਤੇ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ, ਤਾਂ ਉਸ ਨੂੰ 25 ਸਤੰਬਰ ਤੋਂ ਪਹਿਲਾਂ-ਪਹਿਲਾਂ ਨਿਪਟਾ ਲਓ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਦੇ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਬਾਅਦ 27 ਸਤੰਬਰ ਨੂੰ ਐਤਵਾਰ ਕਰਕੇ ਬੈਂਕ ਬੰਦ ਰਹਿਣਗੇ। ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਤੋਂ ਬਾਅਦ 28, 29 ਅਤੇ 30 ਸਤੰਬਰ (ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ) ਨੂੰ ਲਗਾਤਾਰ 3 ਦਿਨ ਬੈਂਕ ਕਰਮਚਾਰੀ ਹੜਤਾਲ ਕਰਨ ਜਾ ਰਹੇ ਹਨ, ਜਿਸ ਕਾਰਨ ਬੈਂਕਾਂ ਵਿੱਚ ਲਗਾਤਾਰ 5 ਦਿਨ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ।
ਇਹ 3 ਦਿਨਾਂ ਦੀ ਹੜਤਾਲ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ, ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ 'ਤੇ ਇੱਕ ਪੋਸਟ ਰਾਹੀਂ ਆਪਣੇ ਗਾਹਕਾਂ ਲਈ ਇਹ ਅਹਿਮ ਸੂਚਨਾ ਜਾਰੀ ਕੀਤੀ ਹੈ। ਬੈਂਕ ਨੇ ਦੱਸਿਆ ਕਿ ਉਹ ਹੜਤਾਲ ਦੌਰਾਨ ਜ਼ਰੂਰੀ ਬੈਂਕਿੰਗ ਸੇਵਾਵਾਂ ਦੇਣ ਦੀ ਪੂਰੀ ਕੋਸ਼ਿਸ਼ ਕਰੇਗਾ ਪਰ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹੜਤਾਲ ਦੀਆਂ ਤਾਰੀਖਾਂ ਤੋਂ ਪਹਿਲਾਂ ਹੀ ਆਪਣੇ ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਪੂਰੇ ਕਰ ਲੈਣ।
— State Bank of India (@TheOfficialSBI) September 19, 2026
5-ਡੇ ਬੈਂਕਿੰਗ ਅਤੇ ਇੰਸੈਂਟਿਵ ਸਕੀਮ 'ਤੇ ਅੜੇ ਕਰਮਚਾਰੀ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਬੈਂਕਿੰਗ ਖੇਤਰ ਵਿੱਚ ਲਗਭਗ 90% ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹੈ। ਉਨ੍ਹਾਂ ਦੀ ਮੁੱਖ ਮੰਗ 5 ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਲਾਗੂ ਕਰਨਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ 2024 ਦੇ ਤਨਖਾਹ ਸਮਝੌਤੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ 40 ਮਿੰਟ ਵਾਧੂ ਕੰਮ ਦੇ ਬਦਲੇ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਦੇਣ ਲਈ ਇੱਕ ਸਮਝੌਤਾ ਹੋਇਆ ਸੀ ਪਰ ਫਾਈਲ ਅਜੇ ਵੀ ਸਰਕਾਰ ਦੀ ਪ੍ਰਵਾਨਗੀ ਲਈ ਪੈਂਡਿੰਗ ਹੈ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਲਈ ਨਵੀਂ ਪ੍ਰਦਰਸ਼ਨ ਲਿੰਕਡ ਇੰਸੈਂਟਿਵ (PLI) ਯੋਜਨਾ ਦਾ ਵੀ ਸਖ਼ਤ ਵਿਰੋਧ ਹੋ ਰਿਹਾ ਹੈ। ਯੂਨੀਅਨਾਂ ਦਾ ਦੋਸ਼ ਹੈ ਕਿ ਨਵਾਂ ਫਾਰਮੂਲਾ ਸਿਰਫ 5% ਸੀਨੀਅਰ ਅਧਿਕਾਰੀਆਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਬਾਕੀ 95% ਕਰਮਚਾਰੀਆਂ ਨਾਲ ਵਿਤਕਰਾ ਕਰਦਾ ਹੈ।
ਜੇਕਰ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ...
ਬੈਂਕ ਯੂਨੀਅਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ (IBA) 28 ਸਤੰਬਰ ਦੀ ਹੜਤਾਲ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਹਨ, ਤਾਂ ਅੰਦੋਲਨ ਤੇਜ਼ ਹੋ ਜਾਵੇਗਾ। ਉਨ੍ਹਾਂ ਨੇ 26 ਤੋਂ 30 ਸਤੰਬਰ ਦੇ ਵਿਚਕਾਰ 5 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦੀ ਚਿਤਾਵਨੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
