7 ਮਹੀਨੇ ਬਾਅਦ ਬੇਟੇ ਉਮਰ ਨੂੰ ਮਿਲੇ ਫਾਰੂਖ ਅਬਦੁੱਲਾ, ਭਾਵੁਕ ਨਜ਼ਰ ਆਏ ਦੋਵੇਂ ਨੇਤਾ
Saturday, Mar 14, 2020 - 01:48 PM (IST)
ਸ਼੍ਰੀਨਗਰ— ਨੈਸ਼ਨਲ ਕਾਨਫਰੰਸ (ਨੇਕਾਂ) ਮੁਖੀ ਫਾਰੂਖ ਅਬਦੁੱਲਾ ਨੇ ਬੀਤੇ 7 ਮਹੀਨਿਆਂ ਤੋਂ ਹਿਰਾਸਤ 'ਚ ਰੱਖੇ ਗਏ ਆਪਣੇ ਬੇਟੇ ਉਮਰ ਅਬਦੁੱਲਾ ਨਾਲ ਸ਼੍ਰੀਨਗਰ ਦੀ ਉੱਪ ਜੇਲ 'ਚ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾ ਭਾਵੁਕ ਨਜ਼ਰ ਆਏ। ਸਾਬਕਾ ਮੁੱਖ ਮੰਤਰੀ ਫਾਰੂਖ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਦੇ ਅਧੀਨ ਆਪਣੀ ਹਿਰਾਸਤ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਨੇੜੇ ਹੀ ਹਰਿ ਨਿਵਾਸ ਪਹੁੰਚੇ, ਜਿੱਥੇ ਉਨ੍ਹਾਂ ਦੇ ਬੇਟੇ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਪੀ.ਐੱਸ.ਏ. ਦੇ ਅਧੀਨ 5 ਫਰਵਰੀ ਤੋਂ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਇਕ-ਦੂਜੇ ਨੂੰ ਗਲੇ ਲਗਾ ਲਿਆ।
ਅਧਿਕਾਰੀਆਂ ਨੇ ਕਿਹਾ ਕਿ ਫਾਰੂਖ (82) ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ 7 ਮਹੀਨੇ ਬਾਅਦ ਆਪਣੇ ਬੇਟੇ ਨਾਲ ਮੁਲਾਕਾਤ ਦੀ ਅਪੀਲ ਕੀਤੀ ਸੀ, ਜਿਸ ਨੂੰ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਦੀ ਮੁਲਾਕਾਤ ਕਰੀਬ ਇਕ ਘੰਟੇ ਚੱਲੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਮੀਰ ਰਾਜ ਤੋਂ ਵਿਸ਼ੇਸ਼ ਦਰਜਾ ਵਾਪਸ ਲੈ ਲਿਆ ਸੀ, ਜਿਸ ਤੋਂ ਬਾਅਦ ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਅਤੇ ਇਕ ਹੋਰ ਮੁੱਖ ਮੰਤਰੀ ਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਸ ਤੋਂ ਬਾਅਦ 15 ਸਤੰਬਰ ਨੂੰ ਫਾਰੂਖ ਵਿਰੁੱਧ ਪੀ.ਐੱਸ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਦੇ ਬੇਟੇ ਉਮਰ ਦੀ ਹਿਰਾਸਤ 5 ਫਰਵਰੀ ਨੂੰ ਖਤਮ ਹੋ ਰਹੀ ਸੀ ਪਰ ਉਸ ਤੋਂ ਕੁਝ ਹੀ ਘੰਟੇ ਪਹਿਲਾਂ ਇਸ ਨੂੰ 6 ਮਹੀਨੇ ਲਈ ਵਧਾ ਦਿੱਤਾ ਗਿਆ ਸੀ।
ਕੀ ਹੈ ਜਨ ਸੁਰੱਖਿਆ ਕਾਨੂੰਨ?
ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਉਨ੍ਹਾਂ ਲੋਕਾਂ 'ਤੇ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਨੂੰ ਸੁਰੱਖਿਆ ਅਤੇ ਸ਼ਾਂਤੀ ਲਈ ਖਤਰਾ ਮੰਨਿਆ ਜਾਂਦਾ ਹੋਵੇ। 1978 'ਚ ਸ਼ੇਖ ਅਬਦੁੱਲਾ ਨੇ ਇਸ ਕਾਨੂੰਨ ਨੂੰ ਲਾਗੂ ਕੀਤਾ ਸੀ। 2010 'ਚ ਇਸ 'ਚ ਸੋਧ ਕੀਤਾ ਗਿਆ ਸੀ, ਜਿਸ ਦੇ ਅਧੀਨ ਬਿਨਾਂ ਟ੍ਰਾਇਲ ਦੇ ਹੀ ਘੱਟੋ-ਘੱਟ 6 ਮਹੀਨੇ ਤੱਕ ਜੇਲ 'ਚ ਰੱਖਿਆ ਜਾ ਸਕਦਾ ਹੈ। ਰਾਜ ਸਰਕਾਰ ਚਾਹੇ ਤਾਂ ਇਸ ਮਿਆਦ ਨੂੰ ਵਧਾ ਕੇ 2 ਸਾਲ ਤੱਕ ਵੀ ਕੀਤਾ ਜਾ ਸਕਦਾ ਹੈ।