ਫਾਰੂਕ ਅਬਦੁੱਲਾ ਦਾ ਮੁੜ ਛਲਕਿਆ ਪਾਕਿ ਪ੍ਰੇਮ, ਭਾਰਤੀ ਫੌਜ ’ਤੇ ਲਾਇਆ ਬੇਗੁਨਾਹਾਂ ’ਤੇ ਅੱਤਿਆਚਾਰ ਕਰਨ ਦਾ ਦੋਸ਼
Saturday, Dec 30, 2023 - 01:04 PM (IST)
ਪੁੰਛ, (ਧਨੁਜ)– ਪੁੰਛ ਜ਼ਿਲੇ ਦੀ ਸੂਰਨਕੋਟ ਤਹਿਸੀਲ ਵਿਚ ਸ਼ੁੱਕਰਵਾਰ ਨੂੰ ਬਫਲਿਆਜ਼ ਪੀੜਤਾਂ ਦਾ ਹਾਲ-ਚਾਲ ਪੁੱਛਣ ਲਈ ਪੁੱਜੇ ਸਾਬਕਾ ਮੁੱਖ ਮੰਤਰੀ ਅਤੇ ਨੈਕਾਂ ਦੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਵਿਚ ਇਕ ਵਾਰ ਮੁੜ ਪਾਕਿ ਪ੍ਰੇਮ ਛਲਕਿਆ। ਇਕ ਪਾਸੇ ਜਿੱਥੇ ਫਾਰੂਕ ਅਬਦੁੱਲਾ ਨੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਗੱਲ ਦੁਹਰਾਉਂਦੇ ਹੋਏ ਉਸ ਨੂੰ ਪ੍ਰਮਾਣੂ ਸ਼ਕਤੀ ਦੱਸਿਆ ਉੱਥੇ ਹੀ ਉਨ੍ਹਾਂ ਭਾਰਤੀ ਫੌਜ ’ਤੇ ਬੇਗੁਨਾਹਾਂ ’ਤੇ ਅੱਤਿਆਚਾਰ ਕਰਨ ਦਾ ਦੋਸ਼ ਲਾਇਆ।
ਪੀੜਤਾਂ ਦਾ ਹਸਪਤਾਲ ’ਚ ਹਾਲ-ਚਾਲ ਜਾਣਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਤਵਾਦੀ ਕਿੱਥੋਂ ਆਉਂਦੇ ਹਨ, ਕਿਵੇਂ ਆਉਂਦੇ ਹਨ, ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ। ਅੱਤਵਾਦੀ ਜੇ ਗਰੀਬ ਲੋਕਾਂ ਦੇ ਘਰ ਆਉਂਦੇ ਹਨ, ਬੰਦੂਕ ਦੀ ਨੋਕ ’ਤੇ ਉਨ੍ਹਾਂ ਨੂੰ ਤੰਗ ਕਰਦੇ ਹਨ ਤਾਂ ਫੌਜ ਵੀ ਉਨ੍ਹਾਂ ਨੂੰ ਹੀ ਮਾਰਦੀ ਹੈ ਜੋ ਕਿ ਅਫਸੋਸਜਨਕ ਗੱਲ ਹੈ। ਉੱਥੇ ਹੀ 3 ਲੋਕ ਮਾਰੇ ਗਏ, ਕੁੱਝ ਲੋਕ ਹਾਲੇ ਵੀ ਬੁਰੀ ਤਰ੍ਹਾਂ ਜਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਲੋਕ ਕਦੀ ਅੱਤਵਾਦ ਦੇ ਨਾਲ ਨਹੀਂ ਰਹੇ, ਉਨ੍ਹਾਂ ’ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਜੋ ਦੇਸ਼ ਲਈ ਖਤਰੇ ਦੀ ਗੱਲ ਹੈ। ਆਮ ਲੋਕਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ, ਜੇ ਆਮ ਲੋਕ ਹੀ ਖਿਲਾਫ ਹੋ ਗਏ ਤਾਂ ਜੰਗ ਕਿਵੇਂ ਜਿੱਤੀ ਜਾਏਗੀ।
ਆਪਣੇ ਸੰਬੋਧਨ ਵਿਚ ਸਾਬਕਾ ਮੁੱਖ ਮੰਤਰੀ ਵਲੋਂ ਪਾਕਿਸਤਾਨ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਹਮਾਇਤ ਕੀਤੀ ਗਈ। ਡਾ. ਫਾਰੂਕ ਅਬਦੁੱਲਾ ਨੇ ਕਿਹਾ ਕਿ 47 ਦਾ ਭਾਰਤ ਮਹਾਤਮਾ ਗਾਂਧੀ ਦਾ ਭਾਰਤ ਸੀ, ਜਿਸ ਵਿਚ ਸਾਰੇ ਲੋਕ ਇਕ ਬਰਾਬਰ ਸਨ, ਸਾਰੇ ਧਰਮ ਇਕ ਬਰਾਬਰ ਸਨ ਪਰ ਅੱਜ ਦੇ ਭਾਰਤ ਵਿਚ ਸਿਰਫ ਇਕ ਧਰਮ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ, ਹੋਰ ਧਰਮਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਦੇਸ਼ ਨੂੰ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ। ਡਾ. ਫਾਰੂਕ ਅਬਦੁੱਲਾ ਨੇ ਆਪਣੇ ਪੂਰੇ ਸੰਬੋਧਨ ਵਿਚ ਪਾਕਿਸਤਾਨ ਨਾਲ ਗੱਲਬਾਤ ਦੀ ਹਮਾਇਤ ਕੀਤੀ।