ਕੀ 26 ਜਨਵਰੀ ਨੂੰ ‘ਟਰੈਕਟਰ ਪਰੇਡ’ ਕੱਢ ਸਕਣਗੇ ਕਿਸਾਨ? SC ’ਚ ਅੱਜ ਹੋਵੇਗੀ ਸੁਣਵਾਈ

1/18/2021 10:32:29 AM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 54ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਅੱਜ ਇਕ ਵਾਰ ਫਿਰ ਇਹ ਮੁੱਦਾ ਸੁਪਰੀਮ ਕੋਰਟ ’ਚ ਸੁਣਿਆ ਜਾਣਾ ਹੈ। ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿਚ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ ਅਤੇ ਦਿੱਲੀ ਪੁਲਸ ਤੋਂ ਇਸ ਦੀ ਇਜਾਜ਼ਤ ਮੰਗੀ ਹੈ। ਇਸ ਮਸਲੇ ’ਤੇ ਸੁਪਰੀਮ ਕੋਰਟ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਟਰੈਕਟਰ ਪਰੇਡ ਕੱਢਣ ਲਈ ਕਿਸਾਨਾਂ ਨੂੰ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। 

ਦਰਅਸਲ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਰਿੰਗ ਰੋਡ ’ਤੇ ਕੱਢੀ ਜਾਵੇਗੀ। ਗਣਤੰਤਰ ਦਿਵਸ ਮੌਕੇ ਕਿਸੇ ਦਾ ਕੋਈ ਵਿਘਨ ਨਹੀਂ ਪਵੇਗਾ ਅਤੇ ਨਾ ਹੀ ਕਿਸੇ ਨੂੰ ਪਰੇਸ਼ਾਨੀ ਹੋਵੇਗੀ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਟਰੈਕਟਰ ਪਰੇਡ ਕੱਢਣਗੇ। 

ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ’ਚ ਅਪੀਲ ਕੀਤੀ ਗਈ ਹੈ ਕਿ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਸੁਪਰੀਮ ਕੋਰਟ ਵਿਚ ਜੋ ਕਮੇਟੀ ਗਠਿਤ ਕੀਤੀ ਗਈ ਹੈ, ਉਸ ਨੂੰ ਮੁੜ ਬਣਾਇਆ ਜਾਵੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਕਮੇਟੀ ਦੇ ਸਾਰੇ ਮੈਂਬਰ ਪਹਿਲਾਂ ਹੀ ਕਾਨੂੰਨ ਦੇ ਸਮਰਥਕ ਰਹੇ ਹਨ, ਅਜਿਹੇ ਵਿਚ ਉਨ੍ਹਾਂ ਨਾਲ ਨਿਆਂ ਨਹੀਂ ਹੋਵੇਗਾ। ਇਨ੍ਹਾਂ ਦੋਸ਼ਾਂ ਦਰਮਿਆਨ ਭੁਪਿੰਦਰ ਸਿੰਘ ਮਾਨ ਨੇ ਕਮੇਟੀ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ। ਇਸ ਕਮੇਟੀ ਵਿਚ ਹੁਣ ਅਸ਼ੋਕ ਗੁਲਾਟੀ, ਪ੍ਰਮੋਦ ਜੋਸ਼ੀ ਅਤੇ ਅਨਿਲ ਘਨਵਟ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ 9 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਕੁਝ ਮੁੱਦਿਆਂ ’ਤੇ ਸਹਿਮਤੀ ਬਣੀ ਹੈ ਪਰ ਕਿਸਾਨ ਜਥੇਬੰਦੀਆਂ ਤਿੰਨੋਂ ਕਾਨੂੰਨਾਂ ਦੀ ਵਾਪਸੀ ’ਤੇ ਅੜੀਆਂ ਹੋਈਆਂ ਹਨ। ਅਜਿਹੇ ਵਿਚ ਵਿਵਾਦ ਦਾ ਹੱਲ ਕਦੋਂ ਅਤੇ ਕਿਵੇਂ ਨਿਕਲਦਾ ਹੈ, ਇਸ ’ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ।


Tanu

Content Editor Tanu