ਕਿਸਾਨਾਂ ਨੇ ਖਾਰਜ ਕੀਤਾ ਸਰਕਾਰ ਦਾ ਪ੍ਰਸਤਾਵ, ਅੱਜ ਹੋਵੇਗੀ 11ਵੇਂ ਗੇੜ ਦੀ ਗੱਲਬਾਤ

Friday, Jan 22, 2021 - 09:51 AM (IST)

ਕਿਸਾਨਾਂ ਨੇ ਖਾਰਜ ਕੀਤਾ ਸਰਕਾਰ ਦਾ ਪ੍ਰਸਤਾਵ, ਅੱਜ ਹੋਵੇਗੀ 11ਵੇਂ ਗੇੜ ਦੀ ਗੱਲਬਾਤ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 58ਵੇਂ ਦਿਨ ਵੀ ਜਾਰੀ ਹੈ। ਇਸ ਵਿਚ ਅੱਜ ਯਾਨੀ ਸ਼ੁੱਕਰਵਾਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ 11ਵੇਂ ਦੌਰ ਦੀ ਮਹੱਤਵਪੂਰਨ ਬੈਠਕ ਹੋਣੀ ਹੈ। ਇਹ ਬੈਠਕ ਵਿਗਿਆਨ ਭਵਨ 'ਚ ਦੁਪਹਿਰ 12 ਵਜੇ ਹੋਵੇਗੀ। ਦਰਅਸਲ ਸਰਕਾਰ ਨੇ ਪਿਛਲੀ ਯਾਨੀ 10ਵੇਂ ਗੇੜ ਦੀ ਬੈਠਕ 'ਚ ਖੇਤੀ ਸੁਧਾਰ ਕਾਨੂੰਨਾਂ ਨੂੰ ਡੇਢ ਸਾਲ ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਸਰਕਾਰ ਦਾ ਕਹਿਣਾ ਹੈ ਕਿ ਵਧਦੀ ਠੰਡ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ। ਹਾਲਾਂਕਿ ਕਿਸਾਨਾਂ ਨੇ ਵੀਰਵਾਰ ਨੂੰ ਦਿੱਲੀ ਸਿੰਘੂ ਸਰਹੱਦ 'ਤੇ ਬੈਠਕ ਤੋਂ ਬਾਅਦ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਕਿਸਾਨ ਅੱਜ ਬੈਠਕ 'ਚ ਸਰਕਾਰ ਨੂੰ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਹੋਰ ਕਿਸੇ ਪ੍ਰਸਤਾਵ ਨੂੰ ਨਹੀਂ ਮੰਨਣਗੇ। 

ਇਹ ਵੀ ਪੜ੍ਹੋ :  ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਦੂਜੇ ਪਾਸੇ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਰਾਜਧਾਨੀ ਦੇ ਆਊਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸ ਸੰਬੰਧ 'ਚ ਕਿਸਾਨ ਜਥੇਬੰਦੀਆਂ ਅਤੇ ਪੁਲਸ ਅਧਿਕਾਰੀਆਂ ਵਿਚਾਲੇ ਬੈਠਕ ਵੀ ਹੋਈ, ਜਿਸ 'ਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਪੁਲਸ ਗਣਤੰਤਰ ਦਿਵਸ ਕਾਰਨ ਕਿਸਾਨਾਂ ਨੂੰ ਆਊਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਦੀ ਮਨਜ਼ੂਰੀ ਨਹੀਂ ਦੇ ਰਹੀ ਹੈ। ਟਰੈਕਟਰ ਮਾਰਚ ਨੂੰ ਲੈ ਕੇ ਕਿਸਾਨਾਂ ਨਾਲ ਪੁਲਸ ਅਧਿਕਾਰੀ ਅੱਜ ਵੀ ਬੈਠਕ ਕਰਨਗੇ।

ਇਹ ਵੀ ਪੜ੍ਹੋ : ਕਿਸਾਨਾਂ ਨੇ ਫਿਰ ਖਾਰਿਜ ਕੀਤਾ ਸਰਕਾਰ ਦਾ ਪ੍ਰਸਤਾਵ, MSP 'ਤੇ ਬਣੇ ਵੱਖਰਾ ਕਾਨੂੰਨ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੁਣ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 22 ਜਨਵਰੀ ਯਾਨੀ ਅੱਜ ਬੈਠਕ ਹੋਵੇਗੀ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ 'ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ। 

ਨੋਟ : ਕੀ ਅੱਜ ਦੀ ਮੀਟਿੰਗ 'ਚ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News