ਵਿਸ਼ਵਾਸ ਅੰਨ੍ਹਾ ਹੁੰਦਾ ਹੈ ਪਰ ਆਸਥਾ ਕਦੇ ਅੰਨ੍ਹੀ ਨਹੀਂ ਹੁੰਦੀ : ਮੋਹਨ ਭਾਗਵਤ
Sunday, Jul 21, 2024 - 11:08 AM (IST)
ਪੁਣੇ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਦਾਅਵਾ ਕੀਤਾ ਹੈ ਕਿ 1857 ਤੋਂ ਬਾਅਦ ਅੰਗਰੇਜ਼ਾਂ ਨੇ ਦੇਸ਼ ਵਾਸੀਆਂ ਦਾ ਆਪਣੀਆਂ ਪਰੰਪਰਾਵਾਂ ਅਤੇ ਪੂਰਵਜਾਂ ’ਚ ਆਸਥਾ ਨੂੰ ਘਟਾਉਣ ਦੀ ਯੋਜਨਾਬੱਧ ਢੰਗ ਨਾਲ ਕੋਸ਼ਿਸ਼ ਕੀਤੀ ਸੀ। ਭਾਗਵਤ ਨੇ ਸ਼ਨੀਵਾਰ ਕਿਹਾ ਕਿ ਅੰਧਵਿਸ਼ਵਾਸ ਭਾਵ ਵਿਸ਼ਵਾਸ ਤਾਂ ਅੰਨ੍ਹਾ ਹੁੰਦਾ ਹੈ, ਪਰ ਆਸਥਾ ਕਦੇ ਅੰਨ੍ਹੀ ਨਹੀਂ ਹੁੰਦੀ। ਕੁਝ ਰੀਤੀ-ਰਿਵਾਜ, ਜਿਨ੍ਹਾਂ ਦਾ ਇਸ ਸਮੇ ਪਾਲਣ ਕੀਤਾ ਜਾ ਰਿਹਾ ਹੈ, ਉਹ ਆਸਥਾ ਦਾ ਰੂਪ ਹਨ। ਕੁਝ ਰੀਤੀ-ਰਿਵਾਜ ਗਲਤ ਵੀ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਬਦਲਣ ਦੀ ਲੋੜ ਹੈ।
ਆਰ.ਐੱਸ.ਐੱਸ. ਦੇ ਮੁਖੀ ਨੇ ਕਿਹਾ ਕਿ ਅੰਗਰੇਜ਼ਾਂ ਨੇ 1857 ਤੋਂ ਬਾਅਦ ਸਾਡੇ ਮਨਾਂ ’ਚੋਂ ਆਸਥਾ ਨੂੰ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਕੋਸ਼ਿਸ਼ ਕੀਤੀ... ਸਾਡੀਆਂ ਆਪਣੀਆਂ ਪਰੰਪਰਾਵਾਂ ਅਤੇ ਪੂਰਵਜਾਂ ’ਚ ਆਸਥਾ ਨੂੰ ਖਤਮ ਕਰ ਦਿੱਤਾ। ਜੀ.ਬੀ. ਦੇਂਗਲੂਰਕਰ ਦੀ ਕਿਤਾਬ ਨੂੰ ਰਿਲੀਜ਼ ਕਰਨ ਦੇ ਮੌਕੇ ਭਾਗਵਤ ਨੇ ਕਿਹਾ ਕਿ ਭਾਰਤ ’ਚ ਮੂਰਤੀ ਪੂਜਾ ਹੈ ਜੋ ਸਰੂਪ ਤੋਂ ਪਰੇ ਜਾ ਕੇ ਨਿਰਾਕਾਰ ਨਾਲ ਜੁੜਦੀ ਹੈ। ਨਿਰਾਕਾਰ ਤੱਕ ਪਹੁੰਚਣਾ ਹਰ ਕਿਸੇ ਲਈ ਸੰਭਵ ਨਹੀਂ। ਇਸ ਲਈ ਇਕ-ਇਕ ਕਦਮ ਅੱਗੇ ਵਧਣਾ ਪੈਂਦਾ ਹੈ। ਇਸੇ ਲਈ ਮੂਰਤੀਆਂ ਦੇ ਰੂਪ ’ਚ ਇਕ ਆਕਾਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੂਰਤੀਆਂ ਦੇ ਪਿੱਛੇ ਵਿਗਿਆਨ ਹੁੰਦਾ ਹੈ। ਭਾਰਤ ’ਚ ਮੂਰਤੀਆਂ ਦੇ ਚਿਹਰਿਆਂ ’ਤੇ ਅਜਿਹੇ ਜਜ਼ਬਾਤ ਹੁੰਦੇ ਹਨ, ਜੋ ਦੁਨੀਆਂ ’ਚ ਹੋਰ ਕਿਧਰੇ ਨਜ਼ਰ ਨਹੀਂ ਆਉਂਦੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e