ਫੇਸਬੁੱਕ ''ਤੇ ਗੋਰੀ ਮੇਮ ਨਾਲ ਦੋਸਤੀ ਪਈ ਮਹਿੰਗੀ, ਲੱਗਾ 10 ਲੱਖ ਦਾ ਚੂਨਾ
Thursday, Jan 24, 2019 - 10:23 AM (IST)

ਬਿਲਾਸਪੁਰ— ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੇ ਇਕ ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਕਾਫੀ ਮਹਿੰਗੀ ਪੈ ਗਈ। ਨੌਜਵਾਨ 10 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਨੌਜਵਾਨ ਨੇ ਘਟਨਾ ਦੀ ਸ਼ਿਕਾਇਤ ਬਿਲਾਸਪੁਰ ਐੱਸ. ਪੀ. ਅਭਿਸ਼ੇਕ ਮੀਣਾ ਨਾਲ ਕੀਤੀ ਹੈ। ਇਸ ਤੋਂ ਬਾਅਦ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ। ਬਿਲਾਸਪੁਰ ਪੁਲਸ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਵਿਦੇਸ਼ੀ ਔਰਤ ਨਾਲ ਫੇਸਬੁੱਕ 'ਤੇ ਉਸ ਦੀ ਦੋਸਤੀ ਹੋਈ ਸੀ। ਔਰਤ ਨੇ ਉਸ ਨੂੰ ਫ੍ਰੈਂਡਸ਼ਿਪ ਰਿਕਵੈਸਟ ਭੇਜੀ ਸੀ, ਜਿਸ ਨੂੰ ਉਸ ਨੇ ਐਕਸੈਪਟ ਵੀ ਕੀਤਾ। ਇਸ ਤੋਂ ਬਾਅਦ ਦੋਹਾਂ 'ਚ ਗੱਲਬਾਤ ਸ਼ੁਰੂ ਹੋਈ। ਕੁਝ ਦਿਨਾਂ ਬਾਅਦ ਦੋਹਾਂ ਦਰਮਿਆਨ ਦੋਸਤੀ ਵੀ ਹੋ ਗਈ। ਔਰਤ ਨੇ ਨੌਜਵਾਨ ਤੋਂ ਵਟਸਐਪ ਨੰਬਰ ਮੰਗਿਆ। ਇਸ ਨੰਬਰ 'ਤੇ ਔਰਤ ਆਪਣੀਆਂ ਅਸ਼ਲੀਲ ਤਸਵੀਰਾਂ ਭੇਜਣ ਲੱਗੀ। ਔਰਤ ਨੇ ਖੁਦ ਨੂੰ ਯੂ. ਕੇ. ਦੀ ਰਹਿਣ ਵਾਲੀ ਦੱਸਿਆ ਸੀ।
ਇਸ ਤੋਂ ਬਾਅਦ ਜਦੋਂ ਨੌਜਵਾਨ ਦਾ ਭਰੋਸਾ ਔਰਤ ਨੇ ਜਿੱਤ ਲਿਆ ਤਾਂ ਉਸ ਨੇ ਕਿਹਾ ਕਿ ਉਹ ਭਾਰਤ ਆ ਕੇ ਉਸ ਨੂੰ ਮਿਲਣਾ ਚਾਹੁੰਦੀ ਹੈ। ਇਸ ਤੋਂ ਬਾਅਦ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਨੌਜਵਾਨ ਨੇ ਆਨਲਾਈਨ 10 ਲੱਖ ਰੁਪਏ ਉਸ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਔਰਤ ਨੇ ਉਸ ਨੂੰ ਬਲਾਕ ਕਰ ਦਿੱਤਾ। ਘਟਨਾ ਦੀ ਰਿਪੋਰਟ ਸਿਵਲ ਲਾਈਨ ਥਾਣੇ 'ਚ ਦਰਜ ਕਰਵਾਈ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।