ਫੇਸਬੁੱਕ ਦਾ ਇਕ ਹੋਰ ਬਿਆਨ, 8.70 ਕਰੋੜ ਯੂਜ਼ਰਸ ਦੇ ਅੰਕੜੇ ਕੀਤੇ ਗਏ ਸਾਂਝੇ

04/05/2018 4:20:59 AM

ਜਲੰਧਰ—ਫੇਸਬੁੱਕ ਡਾਟਾ ਲੀਕ ਮਾਮਲੇ ਨੇ ਭਾਰਤ ਸਣੇ ਦੁਨੀਆ ਭਰ ਦੇ ਦੇਸ਼ਾਂ 'ਚ ਤਹਿਲਕਾ ਮਚਾ ਕੇ ਰੱਖ ਦਿੱਤਾ। ਦਿਨੋਂ ਦਿਨ ਫੇਸਬੁੱਕ ਡਾਟਾ ਲੀਕ ਦਾ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ। ਪਹਿਲਾਂ ਡਾਟਾ ਲੀਕ ਦੇ ਸਬੰਧ 'ਚ ਕਿਹਾ ਗਿਆ ਸੀ ਕਿ ਇਸ ਸਾਰੇ ਘਟਨਾਕ੍ਰਮ 'ਚ 5 ਕਰੋੜ ਦੇ ਕਰੀਬ ਯੂਜ਼ਰਸ ਦਾ ਡਾਟਾ ਪ੍ਰਭਾਵਿਤ ਹੋਇਆ ਸੀ ਪਰ ਬੁੱਧਵਾਰ ਨੂੰ ਫੇਸਬੁੱਕ ਵਲੋਂ ਤਾਜ਼ਾ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੀ ਇਕ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨਾਲ 8 ਕਰੋੜ 70 ਲੱਖ ਯੂਜ਼ਰਸ ਦੇ ਅੰਕੜੇ ਸਾਂਝੇ ਕੀਤੇ ਗਏ ਸਨ। 
ਹਾਲਾਂਕਿ ਇਸ ਤੋਂ ਪਹਿਲਾਂ ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਆਪਣੀ ਗਲਤੀ ਨੂੰ ਮੰਨਦਿਆਂ ਇਸ ਸਾਰੇ ਘਟਨਾਕ੍ਰਮ ਲਈ ਮੁਆਫੀ ਵੀ ਮੰਗ ਚੁੱਕੇ ਹਨ ਪਰ ਇਸ ਤਾਜ਼ਾ ਜਾਰੀ ਬਿਆਨ ਨਾਲ ਫੇਸਬੁੱਕ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਜਿਥੇ ਡਾਟਾ ਲੀਕ ਕਾਰਨ ਕੰਪਨੀ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੇਸ਼-ਵਿਦੇਸ਼ ਦੀਆਂ ਕਈ ਏਜੰਸੀਆਂ ਫੇਸਬੁੱਕ ਖਿਲਾਫ ਜਾਂਚ 'ਚ ਲੱਗੀਆਂ ਹੋਈਆਂ ਹਨ ਅਤੇ ਲਈ ਲੋਕਾਂ ਨੇ ਵਿਅਕਤੀਗਤ ਪੱਧਰ 'ਤੇ ਵੀ ਫੇਸਬੁੱਕ ਖਿਲਾਫ ਮਾਮਲੇ ਦਰਜ ਕਰਵਾਏ ਹਨ। ਡਾਟਾ ਲੀਕ ਤੋਂ ਬਾਅਦ ਮਾਰਕ ਜ਼ੁਕਰਬਰਗ ਨੇ ਫੇਸਬੁੱਕ 'ਚ ਕਈ ਤਬਲੀਦੀਆਂ ਵੀ ਕੀਤੀਆਂ ਹਨ। ਦੂਜੇ ਪਾਸੇ ਕੰਪਨੀ ਦੇ ਕਾਰੋਬਾਰ 'ਤੇ ਵੀ ਇਸ ਦਾ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਡਾਟਾ ਲੀਕ ਹੋਣ ਦੇ 10 ਦਿਨਾਂ  ਦੇ ਅੰਦਰ ਹੀ ਕੰਪਨੀ ਦੇ ਵੈਲਿਊ 'ਚ 73 ਬਿਲੀਅਨ ਡਾਲਰ ਦੀ ਕਮੀ ਦੇਖੀ ਗਈ ਸੀ। ਕੰਪਨੀ ਦੇ ਸ਼ੇਅਰਸ ਜੋ ਫਰਵਰੀ ਮਹੀਨੇ 'ਚ ਰਿਕਾਰਡ ਪੱਧਰ ਤੇ ਸਨ, ਵਿਵਾਦ ਗਰਮਾਉਣ ਤੋਂ ਬਾਅਦ ਉਸ 'ਚ ਗਿਰਾਵਟ ਦਾ ਦੌਰ ਦੇਖਿਆ ਗਿਆ। ਫਰਵਰੀ 'ਚ ਜਿਨ੍ਹਾਂ ਸ਼ੇਅਰਸ ਦੀ ਕੀਮਤ 190 ਡਾਲਰ ਦੇ ਕਰੀਬ ਸੀ ਉਹ ਮੌਜੂਦਾ ਸਮੇਂ 'ਚ 160 ਦੇ ਕਰੀਬ ਪੁਹੰਚ ਗਈ ਹੈ।


Related News