ਹਰਦਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ ਸੜ ਕੇ ਸੁਆਹ ਹੋਇਆ ਪੂਰਾ ਇਲਾਕਾ, ਦੋਖੇ ਖੌਫ਼ਨਾਕ ਤਸਵੀਰਾਂ
Tuesday, Feb 06, 2024 - 09:49 PM (IST)
ਹਰਦਾ - ਮੱਧ ਪ੍ਰਦੇਸ਼ ਦੇ ਹਰਦਾ ਦੇ ਬੈਰਾਗੜ੍ਹ ਇਲਾਕੇ 'ਚ ਮੰਗਲਵਾਰ ਸਵੇਰੇ ਮਗਰਧਾ ਰੋਡ 'ਤੇ ਇਕ ਨਜਾਇਜ਼ ਪਟਾਕਾ ਫੈਕਟਰੀ 'ਚ ਵੱਡਾ ਹਾਦਸਾ ਵਾਪਰ ਗਿਆ। ਇਸ ਪਟਾਕਾ ਫੈਕਟਰੀ ਵਿੱਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰਾ ਇਲਾਕਾ ਸੜ ਕੇ ਸੁਆਹ ਹੋ ਗਿਆ ਹੈ।
ਇਨ੍ਹਾਂ ਹੀ ਨਹੀਂ ਇਸ ਭਿਆਨਕ ਅੱਗ ਕਾਰਨ ਨੇੜਲੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕਿਆਂ ਪਿੱਛੋਂ ਲੱਗੀ ਭਿਆਨਕ ਅੱਗ ਦੌਰਾਨ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 90 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਪਟਾਕਾ ਫੈਕਟਰੀ 'ਚ ਲੱਗੀ ਅੱਗ ਨੂੰ ਬੁਝਾਉਣ ਲਈ 150 ਫਾਇਰਫਾਈਟਰ ਭੇਜੇ ਗਏ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਦਾ ਪੂਰਾ ਇਲਾਕਾ ਮਲਬੇ ਅਤੇ ਰਾਖ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ। ਦੇਰ ਸ਼ਾਮ ਤੱਕ ਪਟਾਕਾ ਫੈਕਟਰੀ ਵਿੱਚ ਅੱਗ ਅਤੇ ਧਮਾਕੇ ਦਾ ਸਿਲਸਿਲਾ ਰੁਕਿਆ ਨਹੀਂ ਸੀ। ਇੱਥੇ ਅੱਗ ਇੰਨੀ ਭਿਆਨਕ ਸੀ ਕਿ ਰਾਹਤ ਕਾਰਜਾਂ ਨੂੰ ਕੁਝ ਸਮੇਂ ਲਈ ਰੋਕਣਾ ਪਿਆ।
ਪਟਾਕਾ ਫੈਕਟਰੀ ਵਿੱਚ ਕਈ ਟਨ ਬਾਰੂਦ ਹੋਣ ਅਤੇ ਬੇਸਮੈਂਟਾਂ ਪਟਾਕਿਆਂ ਨਾਲ ਭਰੇ ਹੋਣ ਦੀ ਜਾਣਕਾਰੀ ਮਿਲੀ। ਇੱਥੇ ਧਮਾਕਿਆਂ ਕਾਰਨ ਕਈ ਇਮਾਰਤਾਂ ਤਬਾਹ ਹੋ ਗਈਆਂ ਅਤੇ ਇਲਾਕੇ ਵਿੱਚ ਮਲਬਾ ਫੈਲ ਗਿਆ। ਜਦੋਂ ਮਸ਼ੀਨਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਧਮਾਕੇ ਹੁੰਦੇ ਰਹੇ। NDRF ਅਤੇ ਰਾਜ ਦੇ ਅਧਿਕਾਰੀ ਅਤੇ ਕਰਮਚਾਰੀ ਰਾਹਤ ਕਾਰਜਾਂ 'ਚ ਲੱਗੇ ਰਹੇ।