ਫੈਕਟਰੀ ਮੁਲਾਜ਼ਮ ਹੀ ਕਰਦੇ ਸਨ ਮਾਲ ਚੋਰੀ, ਮਾਲਕਾਂ ਨੂੰ ਸ਼ੱਕ ਹੋਇਆ ਤਾਂ ਪੁਲਸ ਨੇ ਨੱਪ ਲਏ
Thursday, Dec 12, 2024 - 06:54 AM (IST)
ਲੁਧਿਆਣਾ (ਜਗਰੂਪ) : ਫੈਕਟਰੀ ਦੇ ਮਾਲ ’ਚੋਂ ਅਚਾਨਕ ਮਾਲ ਘਟਣ ਲੱਗਿਆ ਤਾਂ ਮਾਲਕਾਂ ਨੂੰ ਸ਼ੱਕ ਹੋਇਆ, ਖੋਜਬੀਨ ਕਰਨ ’ਤੇ ਉਸ ਦੇ ਮੁਲਾਜ਼ਮ ਹੀ ਫੈਕਟਰੀ ਦੇ ਮਾਲ ਨੂੰ ਚੂਨਾ ਲਾਉਣ ਵਾਲੇ ਨਿਕਲੇ, ਜਿਸ ’ਤੇ ਥਾਣਾ ਸਾਹਨੇਵਾਲ ਦੀ ਚੌਕੀ ਕੰਗਣਵਾਲ ਦੀ ਪੁਲਸ ਨੇ 4 ਵਿਅਕਤੀਆਂ ਨੂੰ ਨਕਦੀ ਸਣੇ ਕਾਬੂ ਕੀਤਾ ਹੈ।
ਇਸ ਸਬੰਧੀ ਚੌਕੀ ਕੰਗਣਵਾਲ ਦੇ ਇੰਚਾਰਜ ਮੇਵਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਤਰੁਣ ਗੁਪਤਾ ਪੁੱਤਰ ਬ੍ਰਿਜ ਮੋਹਨ ਗੁਪਤਾ ਵਾਸੀ ਮਕਾਨ ਨੰ. 40 ਚਮਨ ਐਨਕਲੇਵ ਐਕਸਟੈਂਸ਼ਨ ਰਿਸ਼ੀ ਨਗਰ ਲੁਧਿਆਣਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਬਿਮਕੋ ਇੰਜੀਨੀਅਰਿੰਗ ਇੰਟਰਪ੍ਰਾਈਜਿਜ ਨਾਂ ਦੀ ਇਕ ਫੈਕਟਰੀ ਜਸਪਾਲ ਬਾਂਗਰ ਰੋਡ ਢੰਡਾਰੀ ਕਲਾਂ ਵਿਖੇ ਹੈ, ਜਿਸ ’ਚ 50 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ। ਇਸ ਫੈਕਟਰੀ ’ਚ ਨੱਟ ਬੋਲਟ, ਸਪੈਸ਼ਲ ਸੀ. ਐੱਮ. ਸੀ. ਦੀਆਂ ਬਣੀਆਂ ਆਈਟਮਾਂ ਲਾਕ ਬੋਲਟ ਅਤੇ ਹੋਰ ਰੇਲਵੇ ਲਈ ਬਣਿਆ ਸਾਮਾਨ ਘੱਟ ਰਿਹਾ ਸੀ, ਜਿਸ ’ਤੇ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਉਨ੍ਹਾਂ ਦੇ ਸੀ. ਸੀ. ਟੀ. ਵੀ. ਕੈਮਰੇ ਅਚਾਨਕ ਕੁਝ ਸਮੇਂ ਲਈ ਬੰਦ ਹੋ ਜਾਂਦੇ ਸਨ।
ਇਹ ਵੀ ਪੜ੍ਹੋ : ਬਿਜਲੀ ਘਰ 'ਚ ਲੱਗੀ ਭਿਆਨਕ ਅੱਗ, ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਪੂਰੇ ਇਲਾਕੇ 'ਚ ਬਲੈਕ ਆਊਟ
ਫਿਰ ਉਨ੍ਹਾਂ ਨੇ ਗੁਆਂਢੀਆਂ ਦੇ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ ਫੈਕਟਰੀ ਦੇ 4 ਕਰਮਚਾਰੀ, ਜਿਨ੍ਹਾਂ ਦਾ ਨਾਂ ਪ੍ਰਦੀਪ ਕੁਮਾਰ ਪਾਂਡੇ ਉਰਫ ਸੋਨੂੰ ਪੁੱਤਰ ਰਾਮ ਪ੍ਰਤਾਪ ਪਾਂਡੇ ਵਾਸੀ ਮੁਹੱਲਾ ਢਿੱਲੋਂ ਨਗਰ ਲੁਧਿਆਣਾ, ਜੋ ਬਤੌਰ ਮੈਨੇਜਰ ਕਰੀਬ 7 ਸਾਲ ਤੋਂ ਕੰਮ ਕਰਦਾ ਸੀ। ਸੁਪਰਵਾਈਜ਼ਰ ਸਾਗਰ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਗਲੀ ਨੰ. 2 ਸਵਾਮੀ ਵਿਵੇਕਾਨੰਦ ਨਗਰ 33 ਫੁੱਟਾ ਰੋਡ ਲੁਧਿਆਣਾ, ਆਪਰੇਟਰ ਅਜੇ ਕੁਮਾਰ ਪੁੱਤਰ ਸੁਦਾਮਾ ਵਰਮਾ ਵਾਸੀ ਗਲੀ ਨੰ. 6 ਨਿਊ ਸਤਿਗੁਰੂ ਨਗਰ ਲੁਹਾਰਾ ਰੋਡ ਲੁਧਿਆਣਾ ਅਤੇ ਆਪਰੇਟਰ ਅਸ਼ਵਨੀ ਕੁਮਾਰ ਪੁੱਤਰ ਸੱਤਿਆ ਪ੍ਰਕਾਸ਼ ਵਾਸੀ ਗਲੀ ਨੰ. 4 ਆਸਥਾ ਕਾਲੋਨੀ ਨੇੜੇ ਗੇਟ ਨੰ. 2 ਰਾਧਾ ਸੁਆਮੀ ਸਤਿਸੰਗ ਘਰ ਲੁਹਾਰਾ ਸਾਹਮਣੇ ਆਏ।
ਇਸ ਸਬੰਧੀ ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਇਸ ’ਤੇ ਮਾਮਲਾ ਦਰਜ ਕਰ ਕੇ ਇਨ੍ਹਾਂ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਇਹ ਚਾਰੇ ਵਿਅਕਤੀ ਵਿਰਦੀ ਕੰਡੇ ਕੋਲ ਭੱਜਣ ਦੀ ਫਿਰਾਕ ’ਚ ਜਾ ਰਹੇ ਹਨ ਤਾਂ ਤੁਰੰਤ ਪੁਲਸ ਅਫਸਰਾਂ ਦੀਆਂ ਹਦਾਇਤਾਂ ’ਤੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਕੁਮਾਰ ਤੋਂ ਪੁਲਸ ਨੂੰ 20,000 ਰੁਪਏ ਅਤੇ ਅਜੇ ਕੁਮਾਰ ਤੋਂ 5,000 ਰੁਪਏ ਨਕਦ ਰਿਕਵਰ ਹੋ ਗਏ ਹਨ, ਜੋ ਇਨ੍ਹਾਂ ਨੇ ਮਾਲ ਵੇਚ ਕੇ ਕਮਾਏ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8