ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ
Saturday, Dec 14, 2024 - 12:51 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਵੱਲੋਂ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੇ ਖ਼ੁਲਾਸੇ ਤੋਂ ਬਾਅਦ ਫ਼ਰਾਰ ਚੱਲ ਰਹੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੰਨਨ ਸਚਦੇਵਾ ਵਾਸੀ ਕਾਲਕਾ ਹਰਿਆਣਾ ਵਜੋਂ ਹੋਈ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਮਾਮਲੇ ਦਾ ਮਾਸਟਰ ਮਾਈਂਡ ਹੈ ਅਤੇ ਇਸ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ।
ਡੀ. ਐੱਸ. ਪੀ. ਨੇ ਦੱਸਿਆ ਕਿ ਬੀਤੀ 7 ਨਵੰਬਰ ਨੂੰ ਪੁਲਸ ਵੱਲੋਂ ਐੱਮ. ਕੇ. ਟੈਕਨਾਲਜੀ ਪਾਰਕ ਤੰਗੋਰੀ ਵਿਖੇ ਨਕਲੀ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ਵਿਚ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਪੁਲਸ ਨੇ ਸ਼ਿੰਦਾ ਸਿੰਘ ਵਾਸੀ ਪਿੰਜੌਰ, ਹਰਪ੍ਰੀਤ ਸਿੰਘ ਅਤੇ ਸੁਮਿਤ ਕੁਮਾਰ ਵਾਸੀ ਪਿੰਡ ਸੂਰਜਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ’ਤੇ ਦੋਸ਼ ਹੈ ਕਿ ਉਹ ਨਕਲੀ ਦਵਾਈਆਂ ਬਣਾਉਂਦੇ ਸਨ। ਛਾਪੇਮਾਰੀ ਦੌਰਾਨ ਨਕਲੀ ਗੋਲੀਆਂ ਕਲੇਵ ਐੱਮ 1470, ਟੈਮਲਾ ਐੱਮ 11865, ਪੈਕਿੰਗ ਮਟੀਰੀਅਲ, 20 ਕਿਲੋ ਕੱਚਾ ਮਟੀਰੀਅਲ, 2.5 ਕਿੱਲੋ ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਮਾਮਲੇ ਵਿਚ ਥਾਣਾ ਆਈ. ਟੀ. ਸਿਟੀ ਮੋਹਾਲੀ ਵਿਖੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।