ਦੋ ਦੁਕਾਨਾਂ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ

Wednesday, Dec 18, 2024 - 05:26 AM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ) - ਪਿੰਡ ਕਲਿਆਣਪੁਰ ਬਾਬਾ ਗੁਰਦਿੱਤਾ ਜੀ ਕਾਲੋਨੀ ਨਜ਼ਦੀਕ ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਸਥਿਤ ਰੂੰ ਪਿੰਜਣੀ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਕਤ ਦੁਕਾਨ ਤੋਂ ਇਲਾਵਾ ਨਾਲ ਲੱਗਦੀ ਕਾਰ ਮਕੈਨਿਕ ਦੀ ਦੁਕਾਨ ਵੀ ਅੱਗ ਦੀ ਲਪੇਟ ’ਚ ਆ ਗਈ। 

ਜਾਣਕਾਰੀ ਦਿੰਦੇ ਹੋਏ ਰੂੰ ਪਿੰਜਣੀ ਅਤੇ ਰਜਾਈਆਂ ਵੇਚਣ ਦੀ ਦੁਕਾਨ ਕਰਦੇ ਸਾਹਨਵਾਜ ਖਾਨ ਪੁੱਤਰ ਤਹਿਜੀਬ ਖਾਨ ਨਿਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬੂੰਗਾ ਸਾਹਿਬ ਨੇ ਦੱਸਿਆ ਕਿ ਦੁਕਾਨ ’ਚ ਲੱਗੀ ਬਿਜਲੀ ਦੀ ਮੋਟਰ ਨੂੰ ਅਚਾਨਕ ਅੱਗ ਲੱਗਣ ਕਾਰਨ ਉਸ ਦੀ ਦੁਕਾਨ ’ਚ ਪਈਆਂ ਹੋਈਆਂ ਰਜਾਈਆਂ, ਤਲਾਈਆਂ ਅਤੇ ਰੂੰ ਨੂੰ ਵੀ ਅੱਗ ਲੱਗ ਗਈ, ਜੋ ਕਿ ਦੇਖਦੇ ਹੀ ਦੇਖਦੇ  ਤੇਜ਼ੀ ਨਾਲ ਆਲੇ ਦੁਆਲੇ ਫੈਲ ਗਈ। ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। 

ਉਨ੍ਹਾਂ ਕਿਹਾ ਕਿ ਅੱਗ ਨੇ ਉਨ੍ਹਾਂ ਦੇ ਨਾਲ ਲੱਗਦੀ ਕਾਰ ਮਕੈਨਿਕ ਦੀ ਦੁਕਾਨ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਕਾਰਨ ਉਸ ਦੀਆਂ ਸੈਂਕੜਿਆਂ ਦੀ ਤਾਦਾਦ ਵਿਚ ਪਈਆਂ ਰਜਾਈਆਂ, ਤਲਾਈਆਂ ਅਤੇ ਰੂੰ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਉਸ ਦੀ ਰੂੰ ਪਿੰਜਣ ਵਾਲੀ ਮਸ਼ੀਨ ਵੀ ਅੱਗ ਲੱਗਣ ਕਾਰਨ ਸੜ ਗਈ। 

ਇਸ ਦੌਰਾਨ ਕਾਰਾਂ ਠੀਕ ਕਰਨ ਦਾ ਕੰਮ ਕਰਨ ਵਾਲੇ ਰਜਿਤ ਅਨਸਾਰੀ ਪੁੱਤਰ ਕਰੀਮ ਖਾਨ ਵਾਸੀ ਵਾਰਡ ਨੰਬਰ ਅੱਠ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਉਸ ਦੀ ਨਾਲ ਲੱਗਦੀ ਰੂੰ ਪਿੰਜਣ ਵਾਲੀ ਦੁਕਾਨ ਨੂੰ ਵੀ ਅਚਾਨਕ ਅੱਗ ਲੱਗ ਗਈ, ਜੋ ਦੇਖਦੇ ਦੇਖਦੇ ਉਸ ਦੀ ਦੁਕਾਨ ਤੱਕ ਪਹੁੰਚ ਗਈ। ਇਸ ਤੋਂ ਇਲਾਵਾ ਇਕ ਕਾਰ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਕਾਰ ਦਾ ਵੀ ਕੁਝ ਹਿੱਸਾ ਅੱਗ ਨਾਲ ਸੜ ਕੇ ਸੁਆਹ ਹੋ ਗਿਆ।  ਇਸ ਦੌਰਾਨ ਰਾਹਗੀਰ ਲੋਕਾਂ ਨੇ ਇਕੱਠੇ ਹੋ ਕੇ ਅੱਗ ਉੱਪਰ ਕਾਬੂ ਪਾਉਣਾ ਸ਼ੁਰੂ ਕੀਤਾ ਪਰ ਅੱਗ ਬੜੀ ਤੇਜ਼ੀ ਨਾਲ ਆਲੇ ਦੁਆਲੇ ਫੈਲ ਗਈ। 

ਦੋਵੇਂ ਦੁਕਾਨਦਾਰਾਂ ਨੇ ਦੱਸਿਆ ਕਿ ਸਥਾਨਕ ਅਤੇ ਰਾਹਗੀਰ ਲੋਕਾਂ ਵੱਲੋਂ ਅੱਗ ਬੁਝਾਉਣ ਵਿਚ ਕਾਫੀ ਮਦਦ ਕੀਤੀ ਗਈ, ਦੱਸਿਆ ਕਿ ਜਦੋਂ ਫਾਇਰ ਬਿ੍ਗੇਡ ਦੀ ਗੱਡੀ ਅੱਗ ’ਤੇ ਕਾਬੂ ਪਾਉਣ ਲਈ ਘਟਨਾ ਸਥਾਨ ’ਤੇ ਪਹੁੰਚੀ, ਉਦੋਂ ਤੱਕ ਇਕੱਠੇ ਹੋਏ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। 
 


Inder Prajapati

Content Editor

Related News