ਫੈਕਟਰੀ ਦੀ ਚਿਮਨੀ ’ਚੋਂ ਫਿਰ ਨਿਕਲਣਾ ਸ਼ੁਰੂ ਹੋਇਆ ਕਾਲਾ ਧੂੰਆਂ, ਲੋਕਾਂ ਨੂੰ ਸਤਾਉਣ ਲੱਗਾ ਬੀਮਾਰੀਆਂ ਦਾ ਡਰ
Wednesday, Dec 11, 2024 - 05:14 AM (IST)
ਕਾਠਗੜ੍ਹ (ਰਾਜੇਸ਼ ਸ਼ਰਮਾ) - ਸਨਅਤੀ ਖੇਤਰ ਟੌਸਾ ਅਧੀਨ ਪੈਂਦੀ ਇਕ ਫੈਕਟਰੀ ’ਚੋਂ ਫਿਰ ਤੋਂ ਕਾਲਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਖੇਤਰ ਦੇ ਲੋਕਾਂ ਨੂੰ ਇਸ ਧੂੰਏਂ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਡਰ ਸਤਾਉਣ ਲੱਗਾ ਹੈ। ਜ਼ਿਕਰਯੋਗ ਹੈ ਕਿ ਹਲਕੇ ’ਚ ਲੱਗੀ ਪੇਪਰ ਮਿੱਲ ਦੀ ਚਿਮਨੀ ’ਚੋਂ ਬੀਤੇ ਕਈ ਸਾਲਾਂ ਤੋਂ ਰਾਖ ਵਾਲਾ ਕਾਲਾ ਧੂੰਆਂ ਨਿਕਲਦਾ ਰਿਹਾ ਹੈ, ਜਿਸ ਕਾਰਨ ਜਿੱਥੇ ਲੋਕਾਂ ਨੂੰ ਸਾਹ ਤੇ ਅੱਖਾਂ ਦੀ ਤਕਲੀਫ ਨੇ ਘੇਰੀ ਰੱਖਿਆ, ਉੱਥੇ ਹੀ ਇਸ ਧੂੰਏਂ ’ਚੋਂ ਡਿੱਗਦੀ ਰਾਖ ਕਰ ਕੇ ਲੋਕਾਂ ਦੇ ਘਰਾਂ ਵਿਚ ਗੰਦਗੀ ਵੀ ਪੈਂਦੀ ਰਹੀ ਹੈ।
ਧੂੰਏਂ ਨੇ ਲੋਕਾਂ ਨੂੰ ਸਾਫ ਹਵਾ ਤੋਂ ਕੀਤਾ ਵਾਂਝਾ
ਦਿਨ-ਰਾਤ ਨਿਕਲਣ ਵਾਲੇ ਇਸ ਧੂੰਏਂ ਨੇ ਲੋਕਾਂ ਨੂੰ ਸਾਫ ਹਵਾ ਤੋਂ ਵਾਂਝੇ ਕੀਤਾ ਹੋਇਆ ਹੈ। ਇਸ ਪ੍ਰਦੂਸ਼ਿਤ ਧੂੰਏਂ ਤੋਂ ਛੁਟਕਾਰਾ ਪਾਉਣ ਲਈ ਜਿੱਥੇ ਲੋਕਾਂ ਨੇ ਸੰਘਰਸ਼ ਕੀਤਾ, ਉੱਥੇ ਹੀ ਅਦਾਰੇ ਵੱਲੋਂ ਖਬਰਾਂ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਸ ਤੋਂ ਬਾਅਦ ਕੁੱਝ ਕੁ ਮਹੀਨੇ ਪਹਿਲਾਂ ਫੈਕਟਰੀ ਮਾਲਕਾਂ ਨੇ ਫੈਕਟਰੀ ਵਿਚ ਆਧੁਨਿਕ ਯੰਤਰ ਆਦਿ ਲਾਏ, ਜਿਸ ਨਾਲ ਚਿਮਨੀ ਵਿਚੋਂ ਸਾਫ ਅਤੇ ਚਿੱਟਾ ਧੂੰਆਂ ਨਿਕਲਣ ਲੱਗ ਪਿਆ, ਅਜਿਹਾ ਹੋਣ ਨਾਲ ਹਲਕੇ ਦੇ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਅਤੇ ਉਨ੍ਹਾਂ ਨੇ ਇਕ ਚੰਗੀ ਉਮੀਦ ਜਤਾਈ ਕਿ ਭਵਿੱਖ ਵਿਚ ਉਨ੍ਹਾਂ ਦਾ ਬਚਾਅ ਰਹੇਗਾ
ਘਰਾਂ ਵਿਚ ਸੁਆਹ ਡਿੱਗਣ ਨਾਲ ਗੰਦਗੀ ਪ੍ਰੇਸ਼ਾਨ ਕਰਨ ਲੱਗੀ
ਹੁਣ ਫਿਰ ਫੈਕਟਰੀ ਦੀ ਚਿਮਨੀ ਵਿਚੋਂ ਕਾਲਾ ਧੂੰਆਂ ਨਿਕਲਣ ਲੱਗ ਪਿਆ ਹੈ, ਜਿਸ ਕਾਰਨ ਹਲਕੇ ਦੇ ਲੋਕਾਂ ਨੂੰ ਜਿੱਥੇ ਫਿਰ ਤੋਂ ਸਾਹ ਤੇ ਅੱਖਾਂ ਦੀਆਂ ਸਮੱਸਿਆਵਾਂ ਦਾ ਡਰ ਪੈਦਾ ਹੋ ਗਿਆ, ਉਥੇ ਹੀ ਘਰਾਂ ਵਿਚ ਸੁਆਹ ਡਿੱਗਣ ਨਾਲ ਗੰਦਗੀ ਵੀ ਪ੍ਰੇਸ਼ਾਨ ਕਰਨ ਲੱਗ ਪਈ ਹੈ। ਇਸ ਤੋਂ ਇਲਾਵਾ ਫੈਕਟਰੀ ਵੱਲੋਂ ਰਾਸਾਇਣ ਯੁਕਤ ਪ੍ਰਦੂਸ਼ਿਤ ਪਾਣੀ ਵੀ ਖੇਤਾਂ ਵਿਚ ਖੁੱਲ੍ਹੇਆਮ ਛੱਡਿਆ ਜਾ ਰਿਹਾ ਹੈ ਜਾਂ ਫਿਰ ਜੇਕਰ ਮੌਕਾ ਮਿਲੇ ਤਾਂ ਪ੍ਰਦੂਸ਼ਿਤ ਪਾਣੀ ਨੂੰ ਬਰਸਾਤੀ ਚੋਅ ਵਿਚ ਵੀ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਧਰਤੀ ਦਾ ਪਾਣੀ ਵੀ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਹਲਕੇ ਵਿਚ ਮੌਜੂਦ ਕੁੱਝ ਹੋਰ ਫੈਕਟਰੀਆਂ ਵੀ ਹਨ, ਜਿਨ੍ਹਾਂ ਵੱਲੋਂ ਰਾਤ ਸਮੇਂ ਜ਼ਹਿਰੀਲਾ ਧੂੰਆਂ ਛੱਡਿਆ ਜਾਂਦਾ ਹੈ ਅਤੇ ਇਸ ਧੂੰਏਂ ਨਾਲ ਵੀ ਵਾਤਾਵਰਨ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਹਵਾ ਵਿਚ ਦੁਰਗੰਧ ਜਿਹੀ ਫੈਲੀ ਰਹਿੰਦੀ ਹੈ।