ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ’ਚ ਧਮਾਕਾ, 9 ਜ਼ਖਮੀ, CCTV ਫੁਟੇਜ ਆਈ ਸਾਹਮਣੇ

03/01/2024 7:49:02 PM

ਬੈਂਗਲੁਰੂ- ਬੈਂਗਲੁਰੂ ਦੇ ਵ੍ਹਾਈਟਫੀਲਡ ਸਥਿਤ ਪ੍ਰਸਿੱਧ ਰਾਮੇਸ਼ਵਰਮ ਕੈਫੇ 'ਚ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਬੰਬ ਧਮਾਕਾ ਹੋਇਆ, ਜਿਸ ਵਿਚ 9 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੰਬ ਸਕੁਐਡ, ਫੋਰੈਂਸਿਕ ਅਤੇ ਐੱਨ. ਆਈ. ਏ. ਦੀਆਂ ਟੀਮਾਂ ਧਮਾਕੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਦੁਪਹਿਰ ਨੂੰ ਲੋਕ ਰਾਮੇਸ਼ਵਰਮ ਕੈਫੇ 'ਚ ਆਪਣੇ ਖਾਣੇ ਦਾ ਆਨੰਦ ਲੈ ਰਹੇ ਸਨ, ਕੈਫੇ ਸਟਾਫ ਗਾਹਕਾਂ ਦੀ ਸੇਵਾ ਕਰਨ ਵਿੱਚ ਰੁੱਝਿਆ ਹੋਇਆ ਸੀ। ਲੋਕ ਕਾਊਂਟਰ 'ਤੇ ਆਰਡਰ ਦੇ ਰਹੇ ਸਨ ਅਤੇ ਭੁਗਤਾਨ ਕਰ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ ਅਤੇ ਸ਼ਾਂਤ ਮਾਹੌਲ ਦਹਿਸ਼ਤ ਨਾਲ ਭਰ ਗਿਆ। ਕੈਫੇ ਵਿਚ ਅਫੜਾ-ਦਫੜੀ ਮਚ ਗਈ। ਇਸ ਧਮਾਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। 

ਕੈਫੇ ਦੇ ਅੰਦਰ ਇਕ ਬੈਗ 'ਚ ਰੱਖਿਆ ਸੀ ਵਿਸਫੋਟਕ

ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਨੇ ਰਾਮੇਸ਼ਵਰ ਕੈਫੇ 'ਚ ਹੋਏ ਧਮਾਕੇ ਨੂੰ ਇਕ ਬੰਬ ਧਮਾਕਾ ਦੱਸਿਆ ਹੈ ਅਤੇ ਘੱਟੋ-ਘੱਟ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਮੁੱਖ ਮੰਤਰੀ ਸਿਧਰਮਈਆ ਨੂੰ ਆਪਣੀ ਬ੍ਰੀਫਿੰਗ 'ਚ ਦੱਸਿਆ ਕਿ ਕੈਫੇ ਦੇ ਅੰਦਰ ਇਕ ਬੈਗ 'ਚ ਵਿਸਫੋਟਕ ਰੱਖਿਆ ਗਿਆ ਸੀ। ਸਿਧਰਮਈਆ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ 'ਚ ਇਕ ਵਿਅਕਤੀ ਕੈਫੇ ਦੇ ਅੰਦਰ ਬੈਗ ਰਖਦੇ ਹੋਏ ਦਿਸ ਰਿਹਾ ਹੈ। ਪੁਲਸ ਮੁਤਾਬਕ, ਕੈਫੇ 'ਚ ਕੋਈ ਹੋਰ ਵਿਸਫੋਟਕ ਨਹੀਂ ਮਿਲਿਆ।

ਸਿਧਰਮਈਆ ਨੇ ਦੱਸਿਆ ਕਿ ਕੈਫੇ ਦੇ ਅੰਦਰ ਬੈਗ ਰੱਖਣ ਵਾਲਾ ਵਿਅਕਤੀ ਸੀਸੀਟੀਵੀ ਫੁਟੇਜ ਵਿੱਚ ਕੈਸ਼ ਕਾਊਂਟਰ ਤੋਂ ਟੋਕਨ ਲੈਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਸ਼ੀਅਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਖਮੀਆਂ 'ਚ ਕੈਫੇ ਸਟਾਫ ਮੈਂਬਰ ਅਤੇ ਇਕ ਗਾਹਕ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ, ਉਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ। ਧਮਾਕੇ ਤੋਂ ਤੁਰੰਤ ਬਾਅਦ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਪੁਲਸ ਧਮਾਕੇ ਤੋਂ ਬਾਅਦ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਨੇੜੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।


Rakesh

Content Editor

Related News