ਕਾਰ ਮਾਲਕਾਂ ਨੂੰ ਰੋਡ ਟੈਕਸ ਨਾ ਭਰਨਾ ਪਿਆ ਮਹਿੰਗਾ, ਪੁਲਸ ਨੇ 11 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
Monday, Aug 23, 2021 - 10:14 PM (IST)
ਨੈਸ਼ਨਲ ਡੈਸਕ : ਤੇਲੰਗਾਨਾ ਪੁਲਸ ਅਤੇ ਸੜਕ ਆਵਾਜਾਈ ਅਧਿਕਾਰੀਆਂ ਨੇ 15 ਅਗਸਤ ਨੂੰ 11 ਇੰਪੋਰਟਿਡ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ। ਇਨ੍ਹਾਂ ਕਾਰਾਂ ਦੀ ਕੀਮਤ 4 ਕਰੋੜ ਤੋਂ 10 ਕਰੋੜ ਰੁਪਏ ਵਿਚਾਲੇ ਹੈ ਅਤੇ ਇਸ ਸੂਚੀ ’ਚ ਰੋਲਸ ਰਾਇਸ, ਫਰਾਰੀ, ਲੈਂਬੋਰਗਿਨੀ, ਪੋਰਸ਼ੇ, ਮਾਸੇਰਾਤੀ ਅਤੇ ਹੋਰ ਮਹਿੰਗੀਆਂ ਕਾਰਾਂ ਸ਼ਾਮਲ ਹਨ। ਐਨਫੋਰਸਮੈਂਟ ਅਧਿਕਾਰੀਆਂ ਨੇ ਹੈਦਰਾਬਾਦ, ਤੇਲੰਗਾਨਾ ’ਚ ਅਚਨਚੇਤ ਨਿਰੀਖਣ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ ਜ਼ਬਤ ਕਰ ਲਿਆ। ਅਧਿਕਾਰੀਆਂ ਦੇ ਅਨੁਸਾਰ ਇਨ੍ਹਾਂ ਉੱਚ-ਦਰਜੇ ਦੀਆਂ ਇੰਪੋਰਟਿਡ ਕਾਰਾਂ ਦੇ ਮਾਲਕਾਂ ਨੇ ਕਾਰਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦਾ ਰੋਡ ਟੈਕਸ ਅਦਾ ਨਹੀਂ ਕੀਤਾ ਹੈ। ਇਹ ਅਚਨਚੇਤ ਨਿਰੀਖਣ ਉਸ ਸਮੇਂ ਹੋਇਆ, ਜਦੋਂ ਐਤਵਾਰ ਸਵੇਰੇ ਸਾਰੇ ਕਾਰ ਮਾਲਕ ਡ੍ਰਾਈਵ ’ਤੇ ਨਿਕਲੇ ਸਨ, ਜੋ ਆਜ਼ਾਦੀ ਦਿਹਾੜੇ ’ਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?
ਸਮੂਹ ’ਚ ਕੁਲ 15 ਕਾਰਾਂ ਸਨ, ਜਿਨ੍ਹਾਂ ’ਚੋਂ ਸਿਰਫ 4 ਨੇ ਟੈਕਸ ਅਦਾ ਕੀਤਾ ਸੀ। ਸਰਕਾਰੀ ਅਧਿਕਾਰੀਆਂ ਨੇ ਹੋਰ 11 ਕਾਰਾਂ ਨੂੰ ਜ਼ਬਤ ਕਰ ਲਿਆ, ਜੋ ਟੈਕਸਾਂ ’ਚ ਡਿਫਾਲਟਰ ਸਨ। ਇਹ 11 ਕਾਰਾਂ ਪੁਡੂਚੇਰੀ ’ਚ ਰਜਿਸਟਰਡ ਸਨ, ਜਿੱਥੇ ਤੇਲੰਗਾਨਾ ਦੀ ਤੁਲਨਾ ’ਚ ਲਾਈਫ ਟਾਈਮ ਟੈਕਸ ਤਕਰੀਬਨ ਮਾਮੂਲੀ ਹੈ। ਪੁਡੂਚੇਰੀ ’ਚ ਵੱਧ ਤੋਂ ਵੱਧ ਰੋਡ ਟੈਕਸ ਤਕਰੀਬਨ 14,000 ਰੁਪਏ ਸਾਲਾਨਾ ਹੈ, ਜਦਕਿ ਮਹਾਰਾਸ਼ਟਰ ਵਰਗੇ ਸੂਬਿਆਂ ’ਚ ਉੱਪਰਲੀ ਹੱਦ ਤਕਰੀਬਨ 20 ਲੱਖ ਰੁਪਏ ਹੈ। ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਕਾਨੂੰਨਾਂ ਦੇ ਕਾਰਨ ਲਗਜ਼ਰੀ ਵਾਹਨਾਂ ਦੇ ਮਾਲਕ ਉਨ੍ਹਾਂ ਨੂੰ ਰਜਿਸਟਰਡ ਕਰਵਾਉਂਦੇ ਹਨ, ਜਿਥੇ ਉਨ੍ਹਾਂ ਨੂੰ ਘੱਟ ਟੈਕਸ ਅਦਾ ਕਰਨਾ ਪੈਂਦਾ ਹੈ। ਟਰਾਂਸਪੋਰਟ ਵਿਭਾਗ, ਤੇਲੰਗਾਨਾ ਦੇ ਐਨਫੋਰਸਮੈਂਟ ਅਫਸਰ ਪਾਪਾ ਰਾਓ ਨੇ ਦੱਸਿਆ, “ਤੇਲੰਗਾਨਾ ’ਚ ਚਲਾਨ ਮੁੱਲ ਦਾ 13 ਫੀਸਦੀ ਇੱਕ ਲਗਜ਼ਰੀ ਟੈਕਸ ਵਜੋਂ ਅਦਾ ਕਰਨਾ ਹੁੰਦਾ ਹੈ ਅਤੇ 4 ਕਰੋੜ ਰੁਪਏ ਦੀ ਲਗਜ਼ਰੀ ਕਾਰ ਲਈ ਇਹ 50 ਲੱਖ ਰੁਪਏ ਹੋ ਸਕਦਾ ਹੈ। ਇਸ ਲਈ ਇਨ੍ਹਾਂ ’ਚੋਂ ਬਹੁਤ ਸਾਰੀਆਂ ਕਾਰਾਂ ਕਿਤੇ ਹੋਰ ਰਜਿਸਟਰਡ ਹਨ ਅਤੇ ਇੱਥੇ ਚੱਲ ਰਹੀਆਂ ਸਨ।”
ਮਾਲਕ ਨਹੀਂ ਜਾਣਦੇ ਸਨ ਕਿ ਟੈਕਸ ਕਿਵੇਂ ਕੀਤਾ ਜਾਂਦੈ ਅਦਾ
ਕਾਰਾਂ ਨੂੰ ਜ਼ਬਤ ਕਰਨ ਤੋਂ ਬਾਅਦ ਇਨ੍ਹਾਂ ਕਾਰਾਂ ਦੇ ਮਾਲਕਾਂ ਨੇ ਹਲਫ਼ਨਾਮੇ ’ਚ ਲਿਖਿਆ ਕਿ ਉਹ ਨਹੀਂ ਜਾਣਦੇ ਸਨ ਕਿ ਇਨ੍ਹਾਂ ਕਾਰਾਂ ਦੇ ਮਾਲਕ ਹੋਣ ’ਤੇ ਟੈਕਸ ਕਿਵੇਂ ਅਦਾ ਕਰਨਾ ਹੈ। ਮਾਲਕਾਂ ਤੋਂ ਹਲਫਨਾਮੇ ਪ੍ਰਾਪਤ ਕਰਨ ਤੋਂ ਬਾਅਦ ਐਨਫੋਰਸਮੈਂਟ ਅਧਿਕਾਰੀਆਂ ਨੇ ਕਾਰਾਂ ਮਾਲਕਾਂ ਨੂੰ ਦੇ ਦਿੱਤੀਆਂ। ਹਾਲਾਂਕਿ ਭਵਿੱਖ ’ਚ ਇਨ੍ਹਾਂ ਕਾਰਾਂ ਨੂੰ ਸੜਕਾਂ ’ਤੇ ਚਲਾਉਣ ਲਈ ਮਾਲਕਾਂ ਨੂੰ ਟੈਕਸ ਦਾ ਭੁਗਤਾਨ ਕਰਨਾ ਪਵੇਗਾ।