175 ਯਾਤਰੀਆਂ ਵਾਲੇ ਜਹਾਜ਼ ਦੇ AC ਚੈਂਬਰ 'ਚ ਲੱਗੀ ਅੱਗ, ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਦਾ ਕੀਤਾ ਗਿਆ ਐਲਾਨ
Friday, May 17, 2024 - 08:28 PM (IST)
ਨੈਸ਼ਨਲ ਡੈਸਕ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੈਂਗਲੁਰੂ-ਦਿੱਲੀ ਰੂਟ ਦੇ ਇਕ ਜਹਾਜ਼ ਦੇ ਏਅਰ ਕੰਡੀਸ਼ਨਿੰਗ ਯੂਨਿਟ 'ਚ ਅੱਗ ਲੱਗਣ ਕਾਰਨ ਐਮਰਜੈਂਸੀ ਦਾ ਐਲਾਨ ਕਰਨਾ ਪੈ ਗਿਆ।
ਏ.ਆਈ.-807 ਨਾਂ ਦੇ ਇਸ ਜਹਾਜ਼ 'ਚ 175 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਕਰੀਬ 6 ਵਜੇ ਵਾਪਰੀ। ਇੰਨੀ ਤਣਾਅਪੂਰਨ ਸਥਿਤੀ ਦੇ ਬਾਵਜੂਦ ਫਲਾਈਟ ਕ੍ਰੂ ਦੇ ਮੈਂਬਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਉਣ 'ਚ ਸਫ਼ਲ ਰਹੇ ਤੇ ਇਸ ਤਰ੍ਹਾਂ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਜਹਾਜ਼ 'ਚ ਫਾਇਰ ਅਲਾਰਮ ਵੱਜਣ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਪਾਇਲਟ ਨੇ ਛੇਤੀ ਹੀ ਜਹਾਜ਼ ਨੂੰ ਦਿੱਲੀ ਵਾਪਸ ਲਿਆਉਣ ਦਾ ਫੈਸਲਾ ਕੀਤਾ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਨੂੰ ਲੈ ਕੇ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਸ਼ਾਮ ਕਰੀਬ 6:38 ਵਜੇ ਜਹਾਜ਼ ਸੁਰੱਖਿਅਤ ਉਤਰਿਆ।
ਏਅਰ ਇੰਡੀਆ ਨੇ ਜਾਰੀ ਕੀਤਾ ਬਿਆਨ
ਏਅਰ ਇੰਡੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਤੋਂ ਬੈਂਗਲੁਰੂ ਜਾ ਰਹੇ ਏਅਰ ਇੰਡੀਆ ਦੇ AI807 'ਚ ਅੱਗ ਲੱਗਣ ਦੀ ਚਿਤਾਵਨੀ ਤੋਂ ਬਾਅਦ ਜਹਾਜ਼ ਸ਼ਾਮ ਨੂੰ ਵਾਪਸ ਦਿੱਲੀ ਪਰਤਿਆ। ਪਾਇਲਟਾਂ ਦੁਆਰਾ ਲੋੜੀਂਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਏਅਰੋਬ੍ਰਿਜ 'ਤੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੈਂਗਲੁਰੂ ਜਾਣ ਵਾਲੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e