IAS ਅਧਿਕਾਰੀ ਅਤੇ ਹੋਰਨਾਂ ਖਿਲਾਫ਼ ਛਾਪੇਮਾਰੀ, ਈਡੀ ਨੇ ਬਰਾਮਦ ਕੀਤੇ 90 ਲੱਖ ਰੁਪਏ

Thursday, Sep 12, 2024 - 04:48 PM (IST)

IAS ਅਧਿਕਾਰੀ ਅਤੇ ਹੋਰਨਾਂ ਖਿਲਾਫ਼ ਛਾਪੇਮਾਰੀ, ਈਡੀ ਨੇ ਬਰਾਮਦ ਕੀਤੇ 90 ਲੱਖ ਰੁਪਏ

ਪਟਨਾ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਹਾਰ ਕੈਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਸੰਜੀਵ ਹੰਸ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਾਬਕਾ ਵਿਧਾਇਕ ਗੁਲਾਬ ਯਾਦਵ ਅਤੇ ਕੁਝ ਹੋਰ ਲੋਕਾਂ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ 'ਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ 90 ਲੱਖ ਰੁਪਏ ਨਕਦ ਅਤੇ 13 ਕਿਲੋਗ੍ਰਾਮ ਚਾਂਦੀ ਜ਼ਬਤ ਕੀਤੀ ਗਈ ਹੈ। ਛਾਪੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਦਿੱਲੀ 'ਚ ਦੋ ਥਾਵਾਂ ਅਤੇ ਕੋਲਕਾਤਾ ਤੇ ਮੁੰਬਈ 'ਚ ਕੁਝ ਥਾਵਾਂ 'ਤੇ ਮਾਰੇ ਗਏ। 

ਸੂਤਰਾਂ ਨੇ ਦੱਸਿਆ ਕਿ ਬਿਹਾਰ ਊਰਜਾ ਨਿਗਮ 'ਚ ਪ੍ਰਧਾਨ ਸਕੱਤਰ ਰਹਿ ਚੁੱਕੇ 1997 ਬੈਂਚ ਦੇ IAS ਅਧਿਕਾਰੀ ਹੰਸ ਦੇ ਕੁਝ ਪੁਰਾਣੇ ਸਹਿਯੋਗੀਆਂ ਖਿਲਾਫ਼ ਦੋ ਦਿਨਾਂ ਤੱਕ ਛਾਪੇ ਮਾਰੇ ਗਏ। ਸੂਤਰਾਂ ਮੁਤਾਬਕ ਤਾਜ਼ਾ ਛਾਪੇਮਾਰੀ ਵਿਚ ਕਰੀਬ 90 ਲੱਖ ਰੁਪਏ ਨਕਦ ਅਤੇ 13 ਕਿਲੋਗ੍ਰਾਮ ਚਾਂਦੀ ਜ਼ਬਤ ਕੀਤੀ ਗਈ। ਸੰਘੀ ਏਜੰਸੀ ਨੇ ਇਸ ਮਾਮਲੇ 'ਚ ਪਹਿਲੀ ਵਾਰ ਛਾਪੇਮਾਰੀ ਜੁਲਾਈ ਵਿਚ ਕੀਤੀ ਸੀ। ਏਜੰਸੀ ਨੇ ਉਦੋਂ ਇਕ ਬਿਆਨ 'ਚ ਕਿਹਾ ਸੀ ਕਿ ਏਜੰਸੀ ਦੇ ਅਧਿਕਾਰੀਆਂ ਨੇ ਇਕ ਦਰਜਨ ਤੋਂ ਵੱਧ ਮਹਿੰਗੀਆਂ ਘੜੀਆਂ, 1 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ ਕੁਝ ਨਿਵੇਸ਼ ਸਬੰਧੀ ਕਾਗਜ਼ਾਤ ਜ਼ਬਤ ਕੀਤੇ ਹਨ। 

ਅਗਸਤ 'ਚ ਪਟਨਾ ਹਾਈ ਕੋਰਟ ਨੇ ਹੰਸ ਖਿਲਾਫ਼ ਇਕ ਔਰਤ ਵਲੋਂ ਦਰਜ ਕਰਵਾਈ ਗਈ ਸੂਬਾਈ ਪੁਲਸ ਦੀ ਇਕ FIR ਨੂੰ ਖਾਰਜ ਕਰ ਦਿੱਤਾ ਸੀ, ਜਿਸ ਵਿਚ ਉਨ੍ਹਾਂ 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਹੰਸ ਅਤੇ ਯਾਦਵ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਯਾਦਵ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੀ ਰਾਜਦ ਦੇ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਨੇ 2015 ਤੋਂ 2020 ਵਿਚਾਲੇ ਮਧੂਬਨੀ ਜ਼ਿਲ੍ਹੇ ਦੀ ਝੰਝਾਰਪੁਰ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕੀਤੀ।


author

Tanu

Content Editor

Related News