ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ ’ਚ ED ਦੀ 4 ਸੂਬਿਆਂ ’ਚ ਛਾਪੇਮਾਰੀ
Thursday, Dec 11, 2025 - 09:57 PM (IST)
ਮੁੰਬਈ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ ਇਕ ‘ਘੋਰ ਕੱਟੜਪੰਥੀ’ ਮਾਡਿਊਲ ਦੇ ਖਿਲਾਫ ਟੈਰਰ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਕਈ ਸੂਬਿਆਂ ’ਚ ਛਾਪੇ ਮਾਰੇ।
ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ ’ਚ ਮਹਾਰਾਸ਼ਟਰ ’ਚ ਠਾਣੇ ਜ਼ਿਲੇ ਦੇ ਪਡਘਾ-ਬੋਰੀਵਲੀ ਖੇਤਰ ਦੇ ਪਿੰਡਾਂ, ਰਤਨਾਗਿਰੀ ਜ਼ਿਲੇ, ਦਿੱਲੀ, ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ’ਚ ਲੱਗਭਗ 40 ਥਾਵਾਂ ’ਤੇ ਤਲਾਸ਼ੀ ਲਈ ਗਈ। ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਦਾ ਇਹ ਅੱਡਾ ਠਾਣੇ ਦੇ ਪਾਡਘਾ ਪਿੰਡ ’ਚ ਸੀ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਤਲਾਸ਼ੀ ਦੌਰਾਨ ਈ. ਡੀ. ਦੀਆਂ ਟੀਮਾਂ ਨੂੰ ਸੂਬੇ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਵੱਲੋਂ ਸੁਰੱਖਿਆ ਦਿੱਤੀ ਗਈ, ਜਦੋਂ ਕਿ ਹੋਰ ਸੂਬਿਆਂ ’ਚ ਕੇਂਦਰੀ ਸੁਰੱਖਿਆ ਬਲਾਂ ਨੇ ਸੁਰੱਖਿਆ ਮੁਹੱਈਆ ਕੀਤੀ। ਕੇਂਦਰੀ ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਉਸ ਨੇ ਇਹ ਕਾਰਵਾਈ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਨਵੰਬਰ 2023 ਦੇ ਉਸ ਦੋਸ਼-ਪੱਤਰ ਦੇ ਆਧਾਰ ’ਤੇ ਕੀਤੀ ਹੈ, ਜਿਸ ’ਚ ਦੋਸ਼ ਸੀ ਕਿ ਕੁਝ ਵਿਅਕਤੀ ਇਕ ‘ਘੋਰ ਕੱਟੜਪੰਥੀ’ ਇਸਲਾਮਿਕ ਸਟੇਟ ਨਾਲ ਜੁੜੇ ਮਾਡਿਊਲ ਦਾ ਹਿੱਸਾ ਸਨ ਅਤੇ ਇਸ ਸੰਗਠਨ ਲਈ ਭਰਤੀ, ਸਿਖਲਾਈ, ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਜੁਟਾਉਣ ਅਤੇ ਆਪਣੀਆਂ ਸਰਗਮੀਆਂ ਜਾਰੀ ਰੱਖਣ ਲਈ ਪੈਸਾ ਇਕੱਠੇ ਕਰਨ ’ਚ ਲੱਗੇ ਸਨ।
