ਬੰਗਾਲ ''ਚ ਹੋਏ ਹਮਲੇ ''ਤੇ ਈਡੀ ਦਾ ਪਹਿਲਾ ਬਿਆਨ, ''ਜਾਨ ਲੈਣ ਦੇ ਇਰਾਦੇ ਨਾਲ 800 ਤੋਂ 1000 ਲੋਕਾਂ ਨੇ ਕੀਤਾ ਹਮਲਾ''
Saturday, Jan 06, 2024 - 02:21 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਕਿਹਾ ਕਿ ਸਾਡੀ ਟੀਮ 'ਤੇ 800 ਤੋਂ 1000 ਲੋਕਾਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਹਮਲਾਵਰਾਂ ਨੇ ਮੋਬਾਈਲ, ਲੈਪਟਾਪ ਅਤੇ ਨਕਦੀ ਲੁੱਟ ਲਈ।
ਈਡੀ ਨੇ ਕਿਹਾ, "ਈਡੀ ਪੱਛਮੀ ਬੰਗਾਲ ਪੀਡੀਐੱਸ ਘੁਟਾਲੇ ਦੇ ਮਾਮਲੇ ਵਿੱਚ ਉੱਤਰੀ 24 ਪਰਗਨਾ ਟੀਐੱਮਸੀ ਕਨਵੀਨਰ ਸ਼ਾਹਜਹਾਂ ਸ਼ੇਖ ਦੇ 3 ਸਥਾਨਾਂ ਦੀ ਤਲਾਸ਼ੀ ਲੈ ਰਹੀ ਸੀ।" ਤਲਾਸ਼ੀ ਦੌਰਾਨ ਈਡੀ ਦੀ ਟੀਮ ਅਤੇ ਸੀਆਰਪੀਐੱਫ ਦੇ ਜਵਾਨਾਂ 'ਤੇ 800-1000 ਲੋਕਾਂ ਨੇ ਜਾਨੋਂ ਮਾਰਨ ਦੇ ਇਰਾਦੇ ਨਾਲ ਇੱਕ ਕੰਪਲੈਕਸ ਵਿੱਚ ਹਮਲਾ ਕੀਤਾ, ਕਿਉਂਕਿ ਇਹ ਲੋਕ ਲਾਠੀਆਂ, ਪੱਥਰਾਂ ਅਤੇ ਇੱਟਾਂ ਵਰਗੇ ਹਥਿਆਰਾਂ ਨਾਲ ਲੈਸ ਸਨ।
ਈਡੀ ਨੇ ਅੱਗੇ ਕਿਹਾ, "ਇਸ ਘਟਨਾ ਵਿੱਚ ਈਡੀ ਦੇ ਤਿੰਨ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।" ਜ਼ਖ਼ਮੀ ਈਡੀ ਅਧਿਕਾਰੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਿੰਸਕ ਭੀੜ ਨੇ ਈਡੀ ਅਧਿਕਾਰੀਆਂ ਦਾ ਨਿੱਜੀ ਅਤੇ ਸਰਕਾਰੀ ਸਮਾਨ ਜਿਵੇਂ ਮੋਬਾਈਲ ਫ਼ੋਨ, ਲੈਪਟਾਪ, ਨਕਦੀ, ਬਟੂਏ ਆਦਿ ਨੂੰ ਵੀ ਖੋਹ ਲਿਆ। ਈਡੀ ਦੀਆਂ ਕੁਝ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਵਾਹਨਾਂ ਦੀ ਭੰਨਤੋੜ ਅਤੇ ਹਮਲਾ ਕੀਤਾ ਗਿਆ
ਟੀਐੱਮਸੀ ਨੇਤਾ ਸ਼ਾਹਜਹਾਂ ਦੇ ਸਮਰਥਕਾਂ ਵੱਲੋਂ ਈਡੀ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਜਾਂਚ ਏਜੰਸੀ ਰਾਸ਼ਨ ਵੰਡ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਸ਼ਾਹਜਹਾਂ ਦੇ ਘਰ ਛਾਪਾ ਮਾਰਨ ਗਈ ਸੀ।
ਤਲਬ ਕੀਤਾ
ਰਾਜਪਾਲ ਸੀਵੀ ਆਨੰਦ ਬੋਸ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਮੁੱਖ ਸਕੱਤਰ ਬੀਪੀ ਗੋਪਾਲਿਕਾ, ਗ੍ਰਹਿ ਸਕੱਤਰ ਨੰਦਿਨੀ ਚੱਕਰਵਰਤੀ ਅਤੇ ਪੁਲਸ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਨੂੰ ਤਲਬ ਕੀਤਾ। ਬੋਸ ਨੇ ਹਸਪਤਾਲ ਵਿੱਚ ਜ਼ਖਮੀ ਈਡੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।
ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਨਿਕ ਨੇ ਕਿਹਾ, ''ਰਾਜ ਸਰਕਾਰਾਂ ਨੂੰ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੂੰ ਉਚਿਤ ਸੁਰੱਖਿਆ ਅਤੇ ਹੋਰ ਸਾਧਨ ਮੁਹੱਈਆ ਕਰਾਉਣੇ ਚਾਹੀਦੇ ਹਨ, ਪਰ ਪੱਛਮੀ ਬੰਗਾਲ 'ਚ ਅਜਿਹਾ ਨਹੀਂ ਹੋਇਆ ਹੈ।'' ਪ੍ਰਮਾਣਿਕ ਨੇ ਅੱਗੇ ਕਿਹਾ, ''ਕੇਂਦਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਇਹ ਵੀ ਦੇਖਾਂਗੇ ਕਿ ਪੱਛਮੀ ਬੰਗਾਲ ਵਿਚ ਅਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਹੋ ਰਹੀਆਂ ਹਨ। ਈਡੀ ਅਧਿਕਾਰੀਆਂ 'ਤੇ ਹਮਲਾ ਸੂਬੇ ਦੇ ਸੰਘੀ ਢਾਂਚੇ 'ਤੇ ਹਮਲਾ ਹੈ।
ਟੀਐੱਮਸੀ ਨੇ ਇਹ ਜਵਾਬ ਦਿੱਤਾ ਹੈ
ਮੰਤਰੀ ਅਤੇ ਟੀਐੱਮਸੀ ਨੇਤਾ ਸ਼ਸ਼ੀ ਪਾਂਜਾ ਨੇ ਕਿਹਾ, “ਕੇਂਦਰੀ ਮੰਤਰੀ ਨਿਸ਼ੀਥ ਪ੍ਰਮਾਣਿਕ ਨੇ ਸੰਘੀ ਢਾਂਚੇ 'ਤੇ ਹਮਲੇ ਬਾਰੇ ਗੱਲ ਕੀਤੀ। ਪੱਛਮੀ ਬੰਗਾਲ ਦੇ ਬਕਾਏ ਨੂੰ ਰੋਕਣਾ ਅਸਲ ਵਿੱਚ ਸੰਘੀ ਢਾਂਚੇ ਉੱਤੇ ਹਮਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।