ਈ-20 : ਸਿਰਫ਼ ਫਿਊਲ ਨੂੰ ਲੈ ਕੇ ਅੰਦੋਲਨ ਜਾਂ ਪਰਦੇ ਪਿੱਛੇ ਕੋਈ ਖੇਡ ?

Sunday, Aug 09, 2026 - 10:32 AM (IST)

ਈ-20 : ਸਿਰਫ਼ ਫਿਊਲ ਨੂੰ ਲੈ ਕੇ ਅੰਦੋਲਨ ਜਾਂ ਪਰਦੇ ਪਿੱਛੇ ਕੋਈ ਖੇਡ ?

ਕੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਚਾਨਕ ਈ-20 ਇਥੇਨੌਲ ਮਿਸ਼ਰਣ ਯੋਜਨਾ ਲਈ ਆਲੋਚਨਾ ਦੇ ਘੇਰੇ ’ਚ ਆ ਗਏ ਹਨ? ਇਹ ਸਵਾਲ ਸਰਕਾਰ ’ਚ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਸ ਅਜੀਬ ਗੱਲ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ।

ਗਡਕਰੀ ਨਾ ਤਾਂ ਉਸ ਮੰਤਰਾਲਾ ਦੇ ਮੁਖੀ ਹਨ ਜੋ ਇਥੇਨੌਲ ਬਾਰੇ ਨੀਤੀ ਤਿਆਰ ਕਰਦਾ ਹੈ ਤੇ ਨਾ ਹੀ ਉਹ ਫੈਸਲਾ ਲੈਣ ਵਾਲੇ ਹਨ। ਫਿਰ ਵੀ ਈ-20 ਨਾਲ ਜੁੜੇ ਸਾਰੇ ਚਿਹਰਿਆਂ ’ਚੋਂ ਉਹ ਇਸ ਵਿਰੁੱਧ ਵਧ ਰਹੀ ਮੁਹਿੰਮ ਦੇ ਮੁੱਖ ਨਿਸ਼ਾਨੇ ਵਜੋਂ ਉਭਰੇ ਹਨ।

ਵਿਰੋਧ ਪ੍ਰਦਰਸ਼ਨ ਵੀ ਆਪਣੇ ਆਪ ’ਚ ਅਨੋਖੇ ਹਨ। ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਕੈਂਪਸ ਅੰਦੋਲਨਾਂ ਦੇ ਉਲਟ, ਈ-20 ਵਿਰੋਧ ਪ੍ਰਦਰਸ਼ਨ ਪੁਰਾਣੇ ਵਾਹਨਾਂ ਦੇ ਮਾਲਕਾਂ ਵੱਲੋਂ ਕੀਤੇ ਜਾ ਰਹੇ ਹਨ ? ਇਨ੍ਹਾਂ ’ਚ ਟੈਕਸੀ ਆਪ੍ਰੇਟਰ, ਟਰਾਂਸਪੋਰਟਰ ਤੇ 2015 ਤੋਂ ਪਹਿਲਾਂ ਦੇ ਬਣੇ ਵਾਹਨਾਂ ਦੇ ਮਾਲਕ ਸ਼ਾਮਲ ਹਨ। ਉਨ੍ਹਾਂ ਦੀ ਗਿਣਤੀ ਘੱਟ ਹੈ ਪਰ ਅੰਦੋਲਨ ਨੂੰ ਸਿਆਸੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਉਹ ਵੱਡਾ ਹੋ ਗਿਆ ਹੈ।

ਗਡਕਰੀ ਬੇਬਾਕ ਬਣੇ ਹੋਏ ਹਨ। ਉਨ੍ਹਾਂ ਵਾਰ-ਵਾਰ ਇਥੇਨੌਲ ਮਿਲੇ ਫਿਊਲ ਦਾ ਬਚਾਅ ਕੀਤਾ ਹੈ ਤੇ ਆਲੋਚਕਾਂ ਨੂੰ ਭਰੋਸੇਯੋਗ ਤੇ ਵਿਗਿਆਨਕ ਪੱਖੋਂ ਪ੍ਰਮਾਣਿਤ ਸਬੂਤ ਪ੍ਰਦਾਨ ਕਰਨ ਲਈ ਚੁਣੌਤੀ ਦਿੱਤੀ ਹੈ। ਹਾਲਾਂਕਿ, ਇਸ ਨਾਲ ਹਮਲੇ ਨਹੀਂ ਰੁਕੇ ਹਨ।

ਅੰਦਰੂਨੀ ਸੂਤਰਾਂ ਅਨੁਸਾਰ ਸਰਕਾਰੀ ਏਜੰਸੀਆਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਗਡਕਰੀ ਇਸ ਵਿਵਾਦ ਦਾ ਚਿਹਰਾ ਕਿਉਂ ਬਣ ਗਏ ਹਨ? ਖੁਫੀਆ ਏਜੰਸੀਆਂ ਕਥਿਤ ਤੌਰ ’ਤੇ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਸੰਗਠਿਤ ਲਾਬਿੰਗ ਜਾਂ ਨਿੱਜੀ ਵਪਾਰਕ ਹਿੱਤ ਇਸ ਮੁਹਿੰਮ ਨੂੰ ਚਲਾ ਰਹੇ ਹਨ ? ਕੁਝ ਅਧਿਕਾਰੀ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਵਿਦੇਸ਼ੀ ਹਿੱਤ, ਖਾਸ ਕਰ ਕੇ ਤੇਲ ਬਰਾਮਦ ਕਰਨ ਵਾਲੇ ਖਾੜੀ ਦੇਸ਼ਾਂ ਦੇ ਹਿੱਤ, ਜੋ ਭਾਰਤ ਦੇ ਇਥੇਨੌਲ ਵੱਲ ਵਧਦੇ ਕਦਮ ਤੋਂ ਪ੍ਰਭਾਵਿਤ ਹੋ ਸਕਦੇ ਹਨ, ਇਸ ਮੁਹਿਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ? ਹੁਣ ਤੱਕ ਅਜਿਹੇ ਸਬੰਧ ਦੀ ਹਮਾਇਤ ਕਰਨ ਲਈ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ।

ਇਸ ਲਈ ਇਕ ਸਵਾਲ ਹਵਾ ’ਚ ਲਟਕਿਆ ਹੋਇਆ ਹੈ। ਕੀ ਇਹ ਸਿਰਫ਼ ਫਿਊਲ ਨੂੰ ਲੈ ਕੇ ਇਕ ਅੰਦੋਲਨ ਹੈ ਜਾਂ ਪਰਦੇ ਪਿੱਛੇ ਕੋਈ ਹੋਰ ਖੇਡ ਹੈ ?


author

Harpreet SIngh

Content Editor

Related News