E-20 ਦੇ ਮਾਮਲੇ ’ਚ ‘ਪੂਰੀ ਦਾਲ ਹੀ ਕਾਲੀ ਹੈ’ : ਰਾਹੁਲ
Saturday, Aug 08, 2026 - 03:09 AM (IST)
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਲਾਗੂ ਕੀਤੀ ਗਈ ਈ-20 ਈਂਧਨ ਦੀ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ‘ਦਾਲ ਵਿਚ ਕੁਝ ਕਾਲਾ ਨਹੀਂ, ਸਗੋਂ ਪੂਰੀ ਦਾਲ ਹੀ ਕਾਲੀ ਹੈ।’ ਉਨ੍ਹਾਂ ਨੇ ‘ਐਕਸ’ ’ਤੇ ਇਕ ਵੀਡੀਓ ਜਾਰੀ ਕਰ ਕੇ ਇਹ ਵੀ ਕਿਹਾ ਕਿ ਈ-20 ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਇਸ ਮਾਮਲੇ ਨੂੰ ਵਿਆਪਕ ਪੱਧਰ ’ਤੇ ਚੁੱਕਣਗੇ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਈ-20 ਦਾ ਮੁੱਦਾ ਬਹੁਤ ਵੱਡਾ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ, ਪਰ ਇੱਥੇ ਤਾਂ ਪੂਰੀ ਦਾਲ ਹੀ ਕਾਲੀ ਹੈ।
ਗਾਂਧੀ ਨੇ ਦੋਸ਼ ਲਗਾਇਆ ਕਿ ਈ-20 ਦੇ ਕਾਰਨ ਲੋਕਾਂ ਦੀਆਂ ਕਾਰਾਂ ਅਤੇ ਸਕੂਟਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਵਸਥਾ ਰਾਹੀਂ ਲੋਕਾਂ ਤੋਂ ‘ਸਿੱਧੀ ਚੋਰੀ’ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਵੀ ਮੁਹਿੰਮ ਵਿਚ ਘਟਨਾਵਾਂ ਦਾ ਕ੍ਰਮ (ਸੀਕੁਐਂਸਿੰਗ) ਤੈਅ ਕਰਨਾ ਪੈਂਦਾ ਹੈ, ਪਰ ਮੌਜੂਦਾ ਸਮੇਂ ਵਿਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ ਕਈ ਘਟਨਾਚੱਕਰ ਇਕੱਠੇ ਸਾਹਮਣੇ ਆ ਰਹੇ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਮੁੱਦੇ ਨੂੰ ਵਿਆਪਕ ਪੱਧਰ ’ਤੇ ਚੁੱਕਿਆ ਜਾਵੇਗਾ।
