AIR INDIA ਜਹਾਜ਼ ਹਾਦਸੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਬਿਆਨ, ਕਿਹਾ- ''ਫ਼ਿਊਲ ਸਵਿੱਚ ਵਿਚ ਨਹੀਂ ਸੀ ਕੋਈ ਖ਼ਰਾਬੀ''

Wednesday, Jul 29, 2026 - 06:53 PM (IST)

AIR INDIA ਜਹਾਜ਼ ਹਾਦਸੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਬਿਆਨ, ਕਿਹਾ- ''ਫ਼ਿਊਲ ਸਵਿੱਚ ਵਿਚ ਨਹੀਂ ਸੀ ਕੋਈ ਖ਼ਰਾਬੀ''

ਨਵੀਂ ਦਿੱਲੀ (ਭਾਸ਼ਾ): ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਕਿ ਬੋਇੰਗ ਕੰਪਨੀ ਨੇ ਡਰੀਮਲਾਈਨਰ ਜਹਾਜ਼ ਦੇ ਫਿਊਲ ਕੰਟਰੋਲ ਸਵਿੱਚ 'ਲਾਕਿੰਗ ਸਿਸਟਮ' ਦੀ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਇਸ ਵਿਚ ਕੋਈ ਵੀ ਗੜਬੜੀ ਨਹੀਂ ਪਾਈ ਗਈ। ਇਹ ਜਾਂਚ ਇਸ ਸਾਲ ਫਰਵਰੀ ਵਿਚ ਲੰਡਨ ਹੀਥਰੋ-ਬੈਂਗਲੁਰੂ ਉਡਾਣ (ਏਆਈ132) ਦੇ ਸੰਚਾਲਨ ਦੌਰਾਨ ਇਕ ਏਅਰ ਇੰਡੀਆ ਦੇ ਪਾਇਲਟ ਵੱਲੋਂ ਸਿਸਟਮ ਵਿਚ ਸੰਭਾਵੀ ਸਮੱਸਿਆ ਵੱਲ ਧਿਆਨ ਦਿਵਾਉਣ ਤੋਂ ਬਾਅਦ ਕਰਵਾਈ ਗਈ ਸੀ।

ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਇਕ ਲਿਖਤੀ ਜਵਾਬ ਵਿਚ ਦੱਸਿਆ ਕਿ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਸਿਆਟਲ ਵਿਚ ਮੂਲ ਉਪਕਰਣ ਨਿਰਮਾਤਾ (OEM) ਪੱਧਰ 'ਤੇ ਇਸ ਪ੍ਰਣਾਲੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਾਂਚ ਦੌਰਾਨ ਸਵਿੱਚ ਦੇ ਡਿਟੈਂਟਸ (ਲਾਕਿੰਗ ਤੰਤਰ) ਦੀ ਮਜ਼ਬੂਤੀ ਦੀ ਵੀ ਪਰਖ ਕੀਤੀ ਗਈ, ਜਿਸ ਵਿਚ ਸਭ ਕੁਝ ਸਹੀ ਪਾਇਆ ਗਿਆ। ਹਾਲਾਂਕਿ, ਪੂਰੇ 'ਥ੍ਰਸਟ ਕੰਟਰੋਲ ਮੋਡੀਊਲ' ਦੀ ਅਗਲੀ ਜਾਂਚ ਅਜੇ ਵੀ ਜਾਰੀ ਹੈ।

ਇੱਥੇ ਦੱਸ ਦਈਏ ਕਿ ਡਰੀਮਲਾਈਨਰ ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਕਾਰਜਪ੍ਰਣਾਲੀ ਪਿਛਲੇ ਸਾਲ 12 ਜੂਨ ਨੂੰ ਅਹਿਮਦਾਬਾਦ ਤੋਂ ਉਡਾਣ ਭਰਨ ਵੇਲੇ ਹੋਏ ਏਅਰ ਇੰਡੀਆ ਦੇ ਬੋਇੰਗ 787-8 ਹਾਦਸੇ ਤੋਂ ਬਾਅਦ ਚਰਚਾ ਵਿਚ ਆਈ ਸੀ, ਜਿਸ ਵਿਚ 260 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਦੁਰਘਟਨਾ ਜਾਂਚ ਬਿਊਰੋ (AAIB) ਦੀ ਮੁੱਢਲੀ ਰਿਪੋਰਟ ਅਨੁਸਾਰ, ਉਡਾਣ ਭਰਨ ਦੇ ਤੁਰੰਤ ਬਾਅਦ ਦੋਵਾਂ ਇੰਜਣਾਂ ਨੂੰ ਤੇਲ ਦੀ ਸਪਲਾਈ ਇਕ ਸੈਕਿੰਡ ਦੇ ਅੰਤਰਾਲ ਵਿਚ ਬੰਦ ਹੋ ਗਈ ਸੀ। ਕਾਕਪਿਟ ਵੌਇਸ ਰਿਕਾਰਡਿੰਗ ਵਿਚ ਇਕ ਪਾਇਲਟ ਦੂਜੇ ਨੂੰ ਪੁੱਛਦਾ ਸੁਣਿਆ ਗਿਆ ਸੀ ਕਿ ਉਸ ਨੇ ਫਿਊਲ ਸਪਲਾਈ ਕਿਉਂ ਬੰਦ ਕੀਤੀ, ਜਿਸ 'ਤੇ ਦੂਜੇ ਪਾਇਲਟ ਨੇ ਇਨਕਾਰ ਕੀਤਾ ਸੀ।

ਮੰਤਰੀ ਮੋਹੋਲ ਨੇ ਸਪੱਸ਼ਟ ਕੀਤਾ ਕਿ ਜਾਂਚ ਵਿਚ ਕੋਈ ਦੇਰੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਜਹਾਜ਼ ਹਾਦਸਿਆਂ ਦੀ ਜਾਂਚ ਦੀ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੋ ਸਕਦੀ ਕਿਉਂਕਿ ਇਹ ਕਈ ਗੁੰਝਲਦਾਰ ਕਾਰਕਾਂ ਅਤੇ ਅੰਤਰਰਾਸ਼ਟਰੀ ਸਮੀਖਿਆ ਪ੍ਰਕਿਰਿਆਵਾਂ 'ਤੇ ਨਿਰਭਰ ਕਰਦੀ ਹੈ। ਫਿਲਹਾਲ, ਹਾਦਸੇ ਦੇ ਸਾਰੇ ਸੰਭਾਵੀ ਕਾਰਨਾਂ ਦੀ ਪੜਤਾਲ ਜਾਰੀ ਹੈ ਅਤੇ ਸਾਰੀਆਂ ਗਤੀਵਿਧੀਆਂ ਪੂਰੀਆਂ ਹੋਣ ਤੋਂ ਬਾਅਦ ਅੰਤਿਮ ਰਿਪੋਰਟ ਜਾਰੀ ਕੀਤੀ ਜਾਵੇਗੀ।


author

Anmol Tagra

Content Editor

Related News