ਦੇਸ਼ ’ਚ ਡਰੱਗਜ਼ ਦਾ ਵਪਾਰ ਨਹੀਂ ਹੋਣ ਦੇਵਾਂਗੇ : ਸ਼ਾਹ

06/27/2023 11:48:00 AM

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟ ਦੇਵੇਗੀ ਅਤੇ ਦੇਸ਼ ’ਚ ਨਸ਼ਿਆਂ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ।

‘ਨਸ਼ੇ ਦੀ ਦੁਰਵਰਤੋਂ ਅਤੇ ਨਾਜਾਇਜ਼ ਸਮੱਗਲਿੰਗ ਵਿਰੁੱਧ ਅੰਤਰਰਾਸ਼ਟਰੀ ਦਿਵਸ’ 'ਤੇ ਆਪਣੇ ਵੀਡੀਓ ਸੰਦੇਸ਼ ਵਿਚ ਸ਼ਾਹ ਨੇ ਸੋਮਵਾਰ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਨਸ਼ੀਲੀਆਂ ਵਸਤਾਂ ਵਿਰੁੱਧ ‘ਜ਼ੀਰੋ ਟਾਲਰੈਂਸ ਨੀਤੀ’ ਅਪਣਾਈ ਹੈ। ਇਸ ਦੇ ਸਫਲ ਨਤੀਜੇ ਵਿਖਾਈ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਸੰਕਲਪ ਹੈ ਕਿ ਅਸੀਂ ਭਾਰਤ ’ਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਕਾਰੋਬਾਰ ਨਹੀਂ ਹੋਣ ਦੇਵਾਂਗੇ। ਭਾਰਤ ਰਾਹੀਂ ਦੁਨੀਆ ’ਚ ਕਿਤੇ ਵੀ ਨਸ਼ਿਆਂ ਨੂੰ ਨਹੀਂ ਜਾਣ ਦੇਵਾਂਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਾਂਝੇ ਯਤਨਾਂ ਨਾਲ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਅਤੇ ਨਸ਼ਾ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਨਸ਼ਿਆਂ ਵਿਰੁੱਧ ਜੰਗ ਨਹੀਂ ਜਿੱਤੀ ਜਾਂਦੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਵਿਆਪਕ ਅਤੇ ਤਾਲਮੇਲ ਵਾਲੀ ਲੜਾਈ ਦਾ ਪ੍ਰਭਾਵ ਇਹ ਹੈ ਕਿ 2006-13 ਵਿੱਚ 768 ਕਰੋੜ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਸਨ। 2014 ਤੋਂ 2022 ਦਰਮਿਆਨ ਲਗਭਗ 30 ਗੁਣਾ ਵੱਧ ਭਾਵ 22 ਹਜ਼ਾਰ ਕਰੋੜ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਹਨ। 2006 ਤੋਂ 2013 ਦੇ ਸਮੇਂ ਦੇ ਮੁਕਾਬਲੇ 2014 ਤੋਂ 2022 ਦਰਮਿਆਨ ਨਸ਼ਾ ਸਮੱਗਲਰਾਂ ਵਿਰੁੱਧ 181 ਫੀਸਦੀ ਵੱਧ ਕੇਸ ਦਰਜ ਕੀਤੇ ਗਏ ਹਨ।

ਸ਼ਾਹ ਨੇ ਕਿਹਾ ਕਿ ਜੂਨ 2022 ’ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮੁੜ ਵਰਤੋਂ ਰੋਕਣ ਲਈ ਉਨ੍ਹਾਂ ਨੂੰ ਨਸ਼ਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਕਰੀਬ 6 ਲੱਖ ਕਿਲੋ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ। ਇਹ ਨਸ਼ਾ ਮੁਕਤ ਭਾਰਤ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿੱਚ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਏਜੰਸੀਆਂ ਲਗਾਤਾਰ ਆਪਣੀ ਜੰਗ ਜਾਰੀ ਰੱਖ ਰਹੀਆਂ ਹਨ ਜਿਨ੍ਹਾਂ ’ਚ ਐੱਨ. ਸੀ. ਬੀ. ਮੱੁਖ ਹੈ। ਇਸ ਮੁਹਿੰਮ ਨੂੰ ਹੋਰ ਮਜ਼ਬੂਤ ​​ਕਰਨ ਲਈ ਗ੍ਰਹਿ ਮੰਤਰਾਲੇ ਨੇ 2019 ਵਿੱਚ ‘ਐਨਕਾਰਡ’ (ਨੈਸ਼ਨਲ ਡਰੱਗ ਕੋਆਰਡੀਨੇਸ਼ਨ ਪੋਰਟਲ) ਦੀ ਸਥਾਪਨਾ ਕੀਤੀ ਸੀ । ਹਰ ਸੂਬੇ ਦੇ ਪੁਲਸ ਵਿਭਾਗ ਵਿੱਚ ਐਂਟੀ ਡਰੱਗ ਟਾਸਕ ਫੋਰਸ (ਐਨ.ਟੀ.ਐਫ.) ਦਾ ਗਠਨ ਕੀਤਾ ਗਿਆ ਹੈ ਜਿਸ ਦੀ ਪਹਿਲੀ ਰਾਸ਼ਟਰੀ ਕਾਨਫਰੰਸ ਅਪ੍ਰੈਲ 2023 ਵਿੱਚ ਦਿੱਲੀ ਵਿੱਚ ਹੋਈ ਸੀ।

ਦੇਸ਼ ਵਾਸੀ ਖੁੱਦ ਨੂੰ ਨਸ਼ਿਆਂ ਤੋਂ ਦੂਰ ਰੱਖਣ

ਸ਼ਾਹ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਤੋਂ ਦੂਰ ਰੱਖਣ। ਨਸ਼ੇ ਨਾ ਸਿਰਫ਼ ਨੌਜਵਾਨ ਪੀੜ੍ਹੀ ਅਤੇ ਸਮਾਜ ਨੂੰ ਖੋਖਲਾ ਕਰਦੇ ਹਨ, ਸਗੋਂ ਇਸ ਦੀ ਸਮੱਗਲਿੰਗ ਤੋਂ ਕਮਾਇਆ ਪੈਸਾ ਦੇਸ਼ ਦੀ ਸੁਰੱਖਿਆ ਵਿਰੁੱਧ ਵਰਤਿਆ ਜਾਂਦਾ ਹੈ। ਲੋਕ ਨਸ਼ੇ ਵਿਰੁੱਧ ਇਸ ਜੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤੇ ਆਪਣੇ ਆਲੇ-ਦੁਆਲੇ ਹੋ ਰਹੇ ਨਸ਼ਿਆਂ ਦੇ ਕਾਰੋਬਾਰ ਬਾਰੇ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰਨ ।


Rakesh

Content Editor

Related News