''ਚੋਣਾਂ ਨੇੜੇ ਦੇਖ ਕੇ ਕੇਜਰੀਵਾਲ ਨੇ ਫਿਰ ਅਲਾਪਿਆ ਅਣਅਧਿਕਾਰਤ ਕਾਲੋਨੀਆਂ ਦਾ ਰਾਗ''

Thursday, Sep 12, 2019 - 05:52 PM (IST)

''ਚੋਣਾਂ ਨੇੜੇ ਦੇਖ ਕੇ ਕੇਜਰੀਵਾਲ ਨੇ ਫਿਰ ਅਲਾਪਿਆ ਅਣਅਧਿਕਾਰਤ ਕਾਲੋਨੀਆਂ ਦਾ ਰਾਗ''

ਨਵੀਂ ਦਿੱਲੀ (ਵਾਰਤਾ)— ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਰਾਜਨੀਤਕ ਅਵਸਰਵਾਦ ਅਤੇ ਰਾਜਧਾਨੀ ਦੀ ਜਨਤਾ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਅਰਾਜਕਤਾਵਾਦੀ ਨੇਤਾ ਨੂੰ ਲੋਕ ਛੇਤੀ ਹੀ ਬੇਨਕਾਬ ਕਰ ਦੇਣਗੇ। ਭਾਜਪਾ ਪਾਰਟੀ ਦੇ ਪ੍ਰਦੇਸ਼ ਦਫਤਰ ਵਿਚ ਵੀਰਵਾਰ ਨੂੰ ਡਾ. ਹਰਸ਼ਵਰਧਨ ਨੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਅਤੇ ਦਿੱਲੀ ਦੇ ਹੋਰ 5 ਸੰਸਦ ਮੈਂਬਰਾਂ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੀਆਂ ਸਰਕਾਰਾਂ ਨੇ ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਮਾਮਲੇ 'ਚ ਗਰੀਬ ਲੋਕਾਂ ਨਾਲ ਵਾਰ-ਵਾਰ ਵਿਸ਼ਵਾਸਘਾਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ 'ਆਪ' ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਲਾਲੀਪੌਪ ਦਿਖਾਇਆ ਪਰ ਇਹ ਵਾਅਦਾ ਕਦੇ ਪੂਰਾ ਨਹੀਂ ਕੀਤਾ। 

ਹਰਸ਼ਵਰਧਨ ਨੇ ਕਿਹਾ ਕਿ ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਦੇ ਮਾਮਲੇ ਵਿਚ ਕੇਜਰੀਵਾਲ ਦੀ ਮੰਸ਼ਾ ਦਾ ਪਰਦਾਫਾਸ਼ ਹੋ ਗਿਆ ਹੈ। ਕੇਜਰੀਵਾਲ ਨੇ ਚੋਣਾਂ ਦੇ ਸਮੇਂ ਅਣਅਧਿਕਾਰਤ ਕਾਲੋਨੀਆਂ ਨੂੰ ਲੈ ਕੇ ਜੋ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਨ੍ਹਾਂ 'ਤੇ ਅਮਲ ਨਾ ਕਰ ਕੇ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਅਤੇ ਧੋਖਾ ਦਿੱਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਵਿਕਾਸ ਲਈ 70 ਸੂਤਰੀ ਏਜੰਡਾ ਲਿਆਉਣ ਵਾਲੇ ਕੇਜਰੀਵਾਲ ਚੋਣਾਂ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਗਏ। ਹੁਣ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੇਜਰੀਵਾਲ ਨੂੰ ਅਣਅਧਿਕਾਰਤ ਕਾਲੋਨੀਆਂ ਦੀ ਯਾਦ ਆ ਗਈ ਹੈ ਅਤੇ ਉਹ ਫਿਰ ਇਸ ਨੂੰ ਲੈ ਕੇ ਸਰਗਰਮ ਹੋ ਗਏ ਹਨ। 


author

Tanu

Content Editor

Related News