ਮੋਬਾਈਲ ਟਾਵਰ ਨਾਲ ਹੁੰਦਾ ਹੈ ਕੈਂਸਰ? ਸਰਕਾਰ ਦਾ ਵੱਡਾ ਖੁਲਾਸਾ
Thursday, Jan 08, 2026 - 08:05 PM (IST)
ਨਵੀਂ ਦਿੱਲੀ- ਅੱਜ ਦੇ ਦੌਰ ਵਿੱਚ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ (Radiation) ਅਤੇ ਇਸ ਨਾਲ ਹੋਣ ਵਾਲੇ ਕੈਂਸਰ ਦੇ ਖ਼ਤਰੇ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਡਰ ਪਾਇਆ ਜਾਂਦਾ ਹੈ। ਇਸ ਦੁਵਿਧਾ ਨੂੰ ਦੂਰ ਕਰਦੇ ਹੋਏ ਭਾਰਤ ਸਰਕਾਰ ਨੇ ਆਪਣੇ 'ਤਰੰਗ ਸੰਚਾਰ' ਪੋਰਟਲ ਰਾਹੀਂ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ। ਸਰਕਾਰ ਅਨੁਸਾਰ ਇਹ ਮਹਿਜ਼ ਇੱਕ ਭਰਮ ਹੈ ਕਿ ਮੋਬਾਈਲ ਟਾਵਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਫੈਲਾਉਂਦੇ ਹਨ।
ਕੀ ਹੈ ਸਰਕਾਰ ਦਾ ਪੱਖ?
ਦੂਰਸੰਚਾਰ ਵਿਭਾਗ ਅਨੁਸਾਰ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਾ ਪੱਧਰ ਬਹੁਤ ਘੱਟ ਹੁੰਦਾ ਹੈ, ਜਿਸ ਨੂੰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤੋਂ ਕਾਫ਼ੀ ਹੇਠਾਂ ਰੱਖਿਆ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ:
ਕੁਦਰਤੀ ਈਐਮਐਫ : ਇਲੈਕਟ੍ਰੋਮੈਗਨੈਟਿਕ ਫੀਲਡ ਕੁਦਰਤੀ ਤੌਰ 'ਤੇ ਧਰਤੀ, ਸੂਰਜ ਅਤੇ ਆਇਨੋਸਫੀਅਰ ਵਿੱਚ ਮੌਜੂਦ ਹੁੰਦੀ ਹੈ।
ਘੱਟ ਪਾਵਰ: ਮੋਬਾਈਲ ਫੋਨ ਦੇ ਰੇਡੀਓ ਟ੍ਰਾਂਸਮੀਟਰ ਲੋ-ਪਾਵਰ ਦੇ ਹੁੰਦੇ ਹਨ ਅਤੇ ਟਾਵਰਾਂ ਦੀ ਰੇਡੀਏਸ਼ਨ ਦਾ ਪੱਧਰ ਸੁਰੱਖਿਆ ਮਾਪਦੰਡਾਂ ਦੇ ਅੰਦਰ ਹੀ ਹੁੰਦਾ ਹੈ।
ਭਾਰਤ ਵਿੱਚ ਨਿਯਮ ਸਭ ਤੋਂ ਸਖ਼ਤ
ਸਰਕਾਰ ਨੇ 2008 ਤੋਂ ਹੀ ਇਸ ਸਬੰਧੀ ਬਹੁਤ ਸਖ਼ਤ ਕਦਮ ਚੁੱਕੇ ਹਨ। ਭਾਰਤ ਵਿੱਚ ਮੋਬਾਈਲ ਟਾਵਰਾਂ ਲਈ ਰੇਡੀਏਸ਼ਨ ਦੇ ਨਿਯਮ ਅੰਤਰਰਾਸ਼ਟਰੀ ਮਾਪਦੰਡਾਂ ਨਾਲੋਂ 10 ਗੁਣਾ ਜ਼ਿਆਦਾ ਸਖ਼ਤ ਹਨ। ਇੱਥੋਂ ਤੱਕ ਕਿ ਭਾਰਤ ਵਿੱਚ ਰੇਡੀਏਸ਼ਨ ਦੀ ਸੀਮਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੀਮਾ ਦਾ ਸਿਰਫ਼ 10ਵਾਂ ਹਿੱਸਾ ਹੈ। ਜੇਕਰ ਕੋਈ ਟਾਵਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਉਸ 'ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਟਾਵਰ ਨੂੰ ਤੁਰੰਤ ਬੰਦ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ
WHO ਨੇ ਦੁਨੀਆ ਭਰ ਦੇ ਲਗਭਗ 25,000 ਲੇਖਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਪੁਸ਼ਟੀ ਕੀਤੀ ਹੈ ਕਿ ਵਾਇਰਲੈੱਸ ਨੈੱਟਵਰਕਾਂ ਤੋਂ ਨਿਕਲਣ ਵਾਲੇ ਕਮਜ਼ੋਰ ਸਿਗਨਲਾਂ ਨਾਲ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਪੈਣ ਦੇ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਮਿਲੇ ਹਨ। ਸਾਲ 2020 ਵਿੱਚ 5G ਨੈੱਟਵਰਕ ਬਾਰੇ ਵੀ WHO ਨੇ ਸਾਫ਼ ਕਰ ਦਿੱਤਾ ਸੀ ਕਿ ਵਾਇਰਲੈੱਸ ਟੈਕਨਾਲੋਜੀ ਸਿਹਤ ਲਈ ਹਾਨੀਕਾਰਕ ਸਾਬਤ ਨਹੀਂ ਹੋਈ ਹੈ।
