UPI 'ਤੇ ਆ ਗਏ 'ਲੁਟੇਰੇ', ਆਪਣੇ ਅਕਾਉਂਟ ਨੂੰ ਇੰਝ ਰੱਖੋ ਸੇਫ, ਗੜਬੜ ਹੋਈ ਤਾਂ ਹੋ ਸਕਦੈ ਵੱਡਾ ਨੁਕਸਾਨ

Thursday, Mar 12, 2026 - 01:50 PM (IST)

UPI 'ਤੇ ਆ ਗਏ 'ਲੁਟੇਰੇ', ਆਪਣੇ ਅਕਾਉਂਟ ਨੂੰ ਇੰਝ ਰੱਖੋ ਸੇਫ, ਗੜਬੜ ਹੋਈ ਤਾਂ ਹੋ ਸਕਦੈ ਵੱਡਾ ਨੁਕਸਾਨ

ਗੈਜੇਟ ਡੈਸਕ - ਜੇਕਰ ਤੁਸੀਂ UPI ਪੇਮੈਂਟ ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ 'ਚ ਇਕ ਨਵਾਂ ਖਤਰਨਾਕ ਮਾਲਵੇਅਰ ‘Digital Lutera’ ਸਾਹਮਣੇ ਆਇਆ ਹੈ, ਜੋ ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਚੋਰੀ ਕਰ ਸਕਦਾ ਹੈ।

ਕਿਵੇਂ ਕੰਮ ਕਰਦਾ ਹੈ ਇਹ ਮਾਲਵੇਅਰ?
ਸੂਤਰਾਂ ਅਨੁਸਾਰ, ਇਹ ਮਾਲਵੇਅਰ ਰਵਾਇਤੀ ਧੋਖਾਧੜੀ ਦੇ ਤਰੀਕਿਆਂ ਨਾਲੋਂ ਵੱਖਰਾ ਹੈ। ਇਹ ਕਿਸੇ ਕਾਲ ਜਾਂ ਲਿੰਕ ਰਾਹੀਂ ਠੱਗਣ ਦੀ ਬਜਾਏ ਸਿੱਧਾ ਐਂਡਰਾਇਡ ਫੋਨ ਦੀ ਐਕਸੈਸ ਲੈ ਕੇ ਆਪਣਾ ਕੰਮ ਕਰਦਾ ਹੈ। ਇਹ ਮੁੱਖ ਤੌਰ 'ਤੇ APK ਫਾਈਲਾਂ ਰਾਹੀਂ ਫੈਲ ਰਿਹਾ ਹੈ। ਜਦੋਂ ਕੋਈ ਯੂਜ਼ਰ ਅਣਜਾਣੇ 'ਚ ਅਜਿਹੀ ਫਾਈਲ ਨੂੰ ਡਾਊਨਲੋਡ ਕਰਦਾ ਹੈ, ਤਾਂ ਇਹ SMS ਪੜ੍ਹਨ ਅਤੇ ਲਿਖਣ ਦੀ ਇਜਾਜ਼ਤ ਮੰਗਦਾ ਹੈ। ਇਕ ਵਾਰ ਇਜਾਜ਼ਤ ਮਿਲਣ 'ਤੇ, ਇਹ ਬੈਕਗ੍ਰਾਊਂਡ 'ਚ ਚੁੱਪਚਾਪ ਬੈਂਕ ਵੈਰੀਫਿਕੇਸ਼ਨ ਮੈਸੇਜ ਅਤੇ OTP ਨੂੰ ਬਾਈਪਾਸ ਕਰ ਲੈਂਦਾ ਹੈ, ਜਿਸ ਨਾਲ ਹੈਕਰਾਂ ਲਈ ਖਾਤੇ ਵਿੱਚ ਸੰਨ੍ਹ ਲਗਾਉਣੀ ਸੌਖੀ ਹੋ ਜਾਂਦੀ ਹੈ।

NPCI ਵੱਲੋਂ ਸਪੱਸ਼ਟੀਕਰਨ
ਇਸ ਖਤਰੇ ਦੇ ਸਾਹਮਣੇ ਆਉਣ ਤੋਂ ਬਾਅਦ, UPI ਦਾ ਸੰਚਾਲਨ ਕਰਨ ਵਾਲੀ ਸੰਸਥਾ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਲਵੇਅਰ ਦੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਹੈ। NPCI ਮੁਤਾਬਕ ਯੂਜ਼ਰਸ ਨੂੰ ਅਜਿਹੇ ਖਤਰਿਆਂ ਤੋਂ ਬਚਾਉਣ ਲਈ UPI ਪ੍ਰਣਾਲੀ 'ਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਬਚਾਅ ਲਈ ਅਪਣਾਓ ਇਹ ਨੁਕਤੇ :-

ਭਰੋਸੇਯੋਗ ਸਰੋਤ
-  ਐਪਸ ਨੂੰ ਹਮੇਸ਼ਾ ਗੂਗਲ ਪਲੇ ਸਟੋਰ ਵਰਗੇ ਭਰੋਸੇਯੋਗ ਪਲੇਟਫਾਰਮਾਂ ਤੋਂ ਹੀ ਡਾਊਨਲੋਡ ਕਰੋ।

APK ਫਾਈਲਾਂ ਤੋਂ ਦੂਰੀ
- ਕਿਸੇ ਵੀ ਅਣਪਛਾਤੇ ਲਿੰਕ ਰਾਹੀਂ ਭੇਜੀ ਗਈ APK ਫਾਈਲ ਨੂੰ ਕਦੇ ਵੀ ਡਾਊਨਲੋਡ ਨਾ ਕਰੋ।

ਸੁਰੱਖਿਆ ਸੈਟਿੰਗਾਂ
- ਆਪਣੇ ਫੋਨ 'ਚ 'ਗੂਗਲ ਪਲੇ ਪ੍ਰੋਟੈਕਟ' ਨੂੰ ਹਮੇਸ਼ਾ ਆਨ ਰੱਖੋ ਅਤੇ ਫੋਨ ਦੇ ਸਾਫਟਵੇਅਰ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਦੇ ਰਹੋ।

ਜੇਕਰ ਤੁਸੀਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤਦੇ ਹੋ, ਤਾਂ ਇਹ 'ਲੁਟੇਰਾ' ਮਾਲਵੇਅਰ ਤੁਹਾਡੀ ਮਿਹਨਤ ਦੀ ਕਮਾਈ ਨੂੰ ਮਿੰਟਾਂ ਵਿੱਚ ਸਾਫ ਕਰ ਸਕਦਾ ਹੈ।


author

Sunaina

Content Editor

Related News