ਪਾਕਿਸਤਾਨ ਦੇ ਕਹਿਣ ''ਤੇ ਬਣਾਈ ਸ਼ੋਪੀਆਂ ਰੇਪ ਕੇਸ ਦੀ ਝੂਠੀ ਰਿਪੋਰਟ, ਡਾਕਟਰ ਬਰਖ਼ਾਸਤ
Saturday, Jun 24, 2023 - 03:40 PM (IST)
ਸ਼੍ਰੀਨਗਰ- ਸ਼ੋਪੀਆਂ ਰੇਪ ਕੇਸ 'ਚ ਝੂਠੀ ਮੈਡੀਕਲ ਰਿਪੋਰਟ ਲਿਖਣ ਵਾਲੇ 2 ਡਾਕਟਰਾਂ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬਰਖ਼ਾਸਤ ਕਰ ਦਿੱਤਾ ਹੈ। ਦੋਹਾਂ ਡਾਕਟਰਾਂ 'ਤੇ ਪਾਕਿਸਤਾਨ ਦੇ ਕਹਿਣ 'ਤੇ ਪੋਸਟਮਾਰਟਮ ਰਿਪੋਰਟ 'ਚ ਜਾਣਕਾਰੀ ਬਦਲਣ ਦਾ ਦੋਸ਼ ਸੀ ਤਾਂ ਕਿ ਘਾਟੀ 'ਚ ਹਿੰਸਾ ਭੜਕਾਈ ਜਾ ਸਕੇ ਅਤੇ ਫ਼ੌਜ ਨੂੰ ਟਾਗਰੇਟ ਕੀਤਾ ਜਾ ਸਕੇ। 30 ਮਈ 2009 'ਚ ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ 2 ਔਰਤਾਂ ਆਸੀਆ ਅਤੇ ਨੀਲਫ਼ੋਰ ਦੀਆਂ ਲਾਸ਼ਾਂ ਨਦੀ 'ਚੋਂ ਮਿਲੀਆਂ ਸਨ। ਪੋਸਟਮਾਰਟਮ ਰਿਪੋਰਟ 'ਚ ਦੋਹਾਂ ਨਾਲ ਜਬਰ ਜ਼ਿਨਾਹ ਦਾ ਦਾਅਵਾ ਕੀਤਾ ਗਿਆ ਸੀ। ਜਬਰ ਜ਼ਿਨਾਹ ਦਾ ਦੋਸ਼ ਫ਼ੌਜ ਦੇ ਜਵਾਨਾਂ 'ਤੇ ਲੱਗਾ ਸੀ।
ਉਸ ਸਮੇਂ ਇਸ ਰਿਪੋਰਟ ਕਾਰਨ ਕਸ਼ਮੀਰ 'ਚ ਹਿੰਸਾ ਭੜਕੀ ਸੀ ਅਤੇ 42 ਦਿਨ ਤੱਕ ਘਾਟੀ ਬੰਦ ਰਹੀ ਸੀ। ਇਸ ਮਾਮਲੇ 'ਚ ਸੀ.ਬੀ.ਆਈ. ਨੇ 14 ਦਸੰਬਰ 2009 ਨੂੰ ਜੰਮੂ ਕਸ਼ਮੀਰ ਹਾਈ ਕੋਰਟ 'ਚ ਚਾਰਜਸ਼ੀਟ ਪੇਸ਼ ਕੀਤੀ ਸੀ। ਇਸ 'ਚ ਡਾ. ਬਿਲਾਲ ਅਹਿਮਦ ਅਤੇ ਡਾ. ਨਿਗਹਤ ਸ਼ਾਹੀਨ ਚਿੱਲੂ ਦੇ ਨਾਲ ਹੀ 13 ਲੋਕਾਂ 'ਤੇ ਸਬੂਤ ਨਾਲ ਛੇੜਛਾੜ ਦਾ ਪਤਾ ਲੱਗਾ ਸੀ। ਫ਼ੌਜ ਦੇ ਜਵਾਨਾਂ 'ਤੇ ਲਗਾਏ ਦੋਸ਼ ਝੂਠੇ ਨਿਕਲੇ ਸਨ। ਦੱਸਣਯੋਗ ਹੈ ਕਿ 30 ਮਈ 2009 ਨੂੰ ਸ਼ੋਪੀਆਂ 'ਚ ਆਸੀਆ ਅਤੇ ਨੀਲੋਫ਼ਰ ਦੀਆਂ ਲਾਸ਼ਾਂ ਰਾਮਬਿਆਰਾ ਨਦੀ 'ਚ ਮਿਲੀਆਂ ਸਨ। ਇਨ੍ਹਾਂ ਦੀ ਮੌਤ ਪਾਣੀ 'ਚ ਡੁੱਬਣ ਕਾਰਨ ਹੋਈ ਸੀ ਪਰ ਇਨ੍ਹਾਂ ਦੀ ਮੌਤ ਨੂੰ ਜਬਰ ਜ਼ਿਨਾਹ ਅਤੇ ਕਤਲ ਬਣਾਉਣ ਦੀ ਸਾਜਿਸ਼ ਰਚੀ ਗਈ। ਜੰਮੂ ਕਸ਼ਮੀਰ 'ਚ ਉਸ ਸਮੇਂ ਉਮਰ ਅਬਦੁੱਲਾ ਦੀ ਸਰਕਾਰ ਸੀ। ਜਵਾਨਾਂ 'ਤੇ ਜਬਰ ਜ਼ਿਨਾਹ ਅਤੇ ਕਤਲ ਦੇ ਦੋਸ਼ ਲੱਗਣ ਤੋਂ ਬਾਅਦ ਮਹੀਨੇ ਭਰ ਤੱਕ ਪ੍ਰਦਰਸ਼ਨ ਚੱਲਿਆ। ਦਬਾਅ ਵਧਣ 'ਤੇ ਪੁਲਸ ਨੇ 7 ਜੂਨ 2009 ਨੂੰ ਜਬਰ ਜ਼ਿਨਾਹ ਅਤੇ ਕਤਲ ਦੀਆਂ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ।