ਯੂਰਪ ਤੇ ਅਫਰੀਕਾ ਦੇ ਡਿਪਲੋਮੈਟ 17 ਤੋਂ ਕਰਨਗੇ ਜੰਮੂ-ਕਸ਼ਮੀਰ ਦਾ 2 ਦਿਨਾਂ ਦੌਰਾ

02/14/2021 11:08:03 PM

ਨਵੀਂ ਦਿੱਲੀ (ਭਾਸ਼ਾ) - ਯੂਰਪ ਅਤੇ ਅਫਰੀਕਾ ਦੇ ਡਿਪਲੋਮੈਟਾਂ ਦਾ ਇਕ ਗਰੁੱਪ ਜੰਮੂ-ਕਸ਼ਮੀਰ ਦਾ ਦੌਰਾ ਕਰੇਗਾ ਅਤੇ ਖਾਸ ਕਰ ਕੇ ਜ਼ਿਲਾ ਵਿਕਾਸ ਪ੍ਰੀਸ਼ਦ (ਡੀ. ਡੀ. ਸੀ.) ਚੋਣਾਂ ਦੀ ਸਫਲ ਕਵਾਇਦ ਤੋਂ ਬਾਅਦ ਕੇਂਦਰ ਸ਼ਾਸਿਤ ਖੇਤਰ ਵਿਚ ਵਿਕਾਸ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਵੇਗਾ।
ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਡਿਪਲੋਮੈਟਾਂ ਦਾ ਇਹ 2 ਦਿਨਾਂ ਦੌਰਾ 17 ਫਰਵਰੀ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਖੇਤਰ ਦੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਿਕਾਸ ਕਾਰਜ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਡਿਪਲੋਮੈਟ ਕੁਝ ਨਵੇਂ ਚੁਣੇ ਗਏ ਡੀ. ਡੀ. ਸੀ. ਦੇ ਮੈਂਬਰਾਂ ਨੂੰ ਵੀ ਮਿਲਣਗੇ। ਕੁਝ ਮੁੱਖ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਸਕੱਤਰਾਂ ਨਾਲ ਬੈਠਕ ਵੀ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਡਿਪਲੋਮੈਟਾਂ ਨੂੰ ਪੇਸ਼ਕਾਰੀ ਰਾਹੀਂ ਦੱਸਿਆ ਜਾਵੇਗਾ ਕਿ ਵਿੱਤੀ ਸ਼ਕਤੀਆਂ ਦੇ ਕੇ ਪੰਚਾਇਤਾਂ ਨੂੰ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣਾਇਆ ਗਿਆ ਹੈ।
ਜੰਮੂ-ਕਸ਼ਮੀਰ ਵਿਚੋਂ ਧਾਰਾ-370 ਨੂੰ ਖਤਮ ਕੀਤੇ ਜਾਣ ਅਤੇ ਇਸ ਨੂੰ 2 ਕੇਂਦਰ ਸ਼ਾਸਿਤ ਖੇਤਰਾਂ ਵਿਚ ਵੰਡੇ ਜਾਣ ਤੋਂ ਬਾਅਦ ਸਰਕਾਰ ਡਿਪਲੋਮੈਟਾਂ ਨੂੰ ਦੂਜੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਾ ਰਹੀ ਹੈ ਤਾਂ ਜੋ ਪਾਕਿਸਤਾਨ ਵੱਲੋਂ ਅੰਤਰਰਾਸ਼ਟਰੀ ਮੰਚ 'ਤੇ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਜਵਾਬ ਦਿੱਤਾ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਡਿਪਲੋਮੈਟਾਂ ਨੂੰ ਕਸ਼ਮੀਰ ਵਾਦੀ ਵਿਚ ਸੁਰੱਖਿਆ ਸਥਿਤੀ ਖਾਸ ਕਰ ਕੇ ਪਾਕਿਸਤਾਨ ਵੱਲੋਂ ਕੰਟਰੋਲ ਲਾਈਨ ਰਾਹੀਂ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਯਤਨਾਂ ਅਤੇ ਵਾਰ-ਵਾਰ ਕੀਤੀ ਜਾਣ ਵਾਲੀ ਜੰਗਬੰਦੀ ਦੀ ਉਲੰਘਣਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਪਿਛਲੇ ਸਾਲ 17 ਦੇਸ਼ਾਂ ਦੇ ਡਿਪਲੋਮੈਟਾਂ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News