ਦਿਲਜੀਤ ਦੋਸਾਂਝ ਨੇ ਗੁਰਦੁਆਰਾ ਸਾਹਿਬ ਅਤੇ ਦਰਗਾਹ ''ਤੇ ਮੱਥਾ ਟੇਕ ਕਿਹਾ- ਅਲਵਿਦਾ ਕਸ਼ਮੀਰ
Thursday, Dec 19, 2024 - 05:00 PM (IST)
ਐਂਟਰਟੇਨਮੈਂਟ ਡੈਸਕ : ਚੰਡੀਗੜ੍ਹ 'ਚ ਸਫ਼ਲ ਕੰਸਰਟ ਕਰਨ ਵਾਲੇ ਦਿਲਜੀਤ ਦੋਸਾਂਝ ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਆਨੰਦ ਉਠਾ ਰਹੇ ਹਨ, ਜਿੱਥੇ ਅਮਿੱਟ ਯਾਦਾਂ ਦੀ ਛਾਪ ਛੱਡ ਉਹ ਅੱਜ ਵਾਪਸ ਪਰਤ ਰਹੇ ਹਨ, ਜੋ ਇਸੇ ਸ਼ਾਮ ਮੁੰਬਈ ਵਿਖੇ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ।
ਦੁਨੀਆ ਭਰ 'ਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਇਹ ਬਿਹਤਰੀਨ ਗਾਇਕ ਅਪਣੇ ਉਕਤ ਦੌਰੇ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੇ ਰਹੇ ਹਨ।
ਇਨ੍ਹਾਂ ਡੱਲ ਝੀਲ ਦੇ ਕੰਢੇ ਜ਼ਬਰਵਾਨ ਪਹਾੜੀਆਂ 'ਚ ਆਦਿ ਸ਼ੰਕਰਾਚਾਰੀਆ ਮੰਦਰ, ਪੁਰਾਣੇ ਸ਼ਹਿਰ ਦੇ ਖਾਨਕਾਹ ਧਾਰਮਿਕ ਸਥਾਨ ਅਤੇ ਸ਼੍ਰੀਨਗਰ ਦੇ ਰੈਨਾਵਾੜੀ ਖੇਤਰ ਦੇ ਇੱਕ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਦੇ ਦ੍ਰਿਸ਼ ਅਪਣੇ ਚਾਹੁੰਣ ਵਾਲਿਆਂ ਨਾਲ ਸਾਂਝੇ ਕੀਤੇ ਹਨ।
ਦਿਲਜੀਤ ਕਸ਼ਮੀਰ ਦੇ ਸਥਾਨਕ ਲੋਕਾਂ ਖਾਸ ਕਰਕੇ ਬੱਚਿਆਂ ਨਾਲ ਖੁਸ਼ੀ ਭਰੇ ਅੰਦਾਜ਼ 'ਚ ਰੂਬਰੂ ਹੋਏ, ਜਿੰਨ੍ਹਾਂ ਦਾ ਹਰ ਜਗ੍ਹਾਂ ਉੱਥੋਂ ਦੇ ਮਿਲਣਸਾਰ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਡੱਲ ਝੀਲ 'ਤੇ ਆਪਣੀ ਸ਼ਿਕਰਾ ਸਵਾਰੀ ਦੌਰਾਨ ਉਨ੍ਹਾਂ ਉੱਥੋਂ ਦੇ ਰਵਾਇਤੀ ਕਸ਼ਮੀਰੀ ਪਹਿਰਾਵੇ ਨੂੰ ਨੁਮਾਇੰਦਗੀ ਦਿੰਦਿਆਂ ਚਾਹ, ਕਾਹਵਾ ਅਤੇ ਹੋਰ ਪਕਵਾਨਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਵੀ ਰੱਜਵਾਂ ਆਨੰਦ ਮਾਣਿਆ।
ਮੁੰਬਈ ਲਈ ਰਵਾਨਗੀ ਭਰ ਚੁੱਕੇ ਦਿਲਜੀਤ ਦਾ ਉਲੀਕਿਆ ਗਿਆ ਅੱਜ ਦਾ ਇਹ ਵਿਸ਼ਾਲ ਕੰਸਰਟ ਮਹਾਲਕਸ਼ਮੀ ਰੇਸ ਕੋਰਸ ਵਿਖੇ ਸੰਪੰਨ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਵੱਡੇ ਪੱਧਰ 'ਤੇ ਅੰਜ਼ਾਮ ਦਿੱਤਾ ਗਿਆ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਪੱਧਰ 'ਤੇ ਛਾਏ ਦਿਲਜੀਤ ਦੋਸਾਂਝ ਜਲਦ ਹੀ ਬਿੱਗ ਸੈੱਟਅੱਪ ਹਿੰਦੀ ਫ਼ਿਲਮ 'ਬਾਰਡਰ 2' ਦੀ ਸ਼ੂਟਿੰਗ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਪਹਿਲਾਂ ਸ਼ੈਡਿਊਲ ਜੰਮੂ ਕਸ਼ਮੀਰ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।