ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਨੇ ਫੜਿਆ ‘ਆਪ’ ਦਾ ਝਾੜੂ
Sunday, Jun 27, 2021 - 03:02 PM (IST)
ਸੂਰਤ (ਵਾਰਤਾ)— ਦੇਸ਼ ਦੇ ਮੰਨੇ-ਪ੍ਰਮੰਨੇ ਹੀਰਾ ਉਦਯੋਗਪਤੀ ਮਹੇਸ਼ ਸਵਾਣੀ ਸੂਰਤ ’ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਗਏ। ਸਿਸੋਦੀਆ ਨੇ ਮਹੇਸ਼ ਨੂੰ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇਸ ਵੱਡੇ ਉਦਯੋਗਪਤੀ ਦੇ ਉਨ੍ਹਾਂ ਦੇ ਧੁਰ-ਵਿਰੋਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਵਿਚ ਸ਼ਾਮਲ ਹੋਣ ਦੇ ਕਈ ਅਰਥ ਵੀ ਕੱਢੇ ਜਾ ਸਕਦੇ ਹਨ।
ਗੁਜਰਾਤ ਦੇ ਸਿਆਸੀ ਰੂਪ ਨਾਲ ਪਾਟੀਦਾਰ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ 51 ਸਾਲਾ ਸਵਾਣੀ ਸਾਲਾਂ ਤੋਂ ਗਰੀਬ ਕੁੜੀਆਂ ਦੇ ਸਮੂਹਿਕ ਵਿਆਹ ਦਾ ਵੱਡਾ ਆਯੋਜਨ ਕਰਦੇ ਰਹੇ ਹਨ ਅਤੇ ਇਸ ਦੇ ਚੱਲਦੇ ਸੁਰਖੀਆਂ ਵਿਚ ਰਹੇ ਹਨ। ਉਹ ਰੀਅਲਟੀ ਕਾਰੋਬਾਰ ਨਾਲ ਵੀ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਸੇਵਾ ਦੇ ਵਿਸਥਾਰ ਦੀ ਨੀਅਤ ਨਾਲ ਸਿਆਸਤ ਵਿਚ ਆਏ ਹਨ। ਉਹ ਸਿਰਫ ਸੂਰਤ ਹੀ ਨਹੀਂ ਸਗੋਂ ਕਿ ਪੂਰੇ ਗੁਜਰਾਤ ਲਈ ਕੰਮ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਸੌਰਾਸ਼ਟਰ ਦੇ ਮੂਲ ਵਤਨੀ ਸ਼੍ਰੀ ਸਵਾਣੀ ਦੇ ਕਾਰੋਬਾਰ ਦਾ ਮੁੱਖ ਕੇਂਦਰ ਸੂਰਤ ਹੈ। ਉਨ੍ਹਾਂ ਦਾ ਪੀ. ਪੀ. ਸਵਾਣੀ ਸਮੂਹ ਸਕੂਲ ਵੀ ਚਲਾਉਂਦਾ ਹੈ। ਅਗਲੇ ਸਾਲ ਗੁਜਰਾਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਪਾਰਟੀ ਨੇ ਸਾਰੀਆਂ 182 ਸੀਟਾਂ ’ਤੇ ਉਮੀਦਵਾਰ ਖ਼ੜ੍ਹੇ ਕਰਨ ਦਾ ਐਲਾਨ ਕੀਤਾ ਹੈ।