ਅਮਫਾਨ ਤੂਫਾਨ ਕਾਰਨ ਪੱਛਮੀ ਬੰਗਾਲ ''ਚ ਵਧੀ ਮ੍ਰਿਤਕਾਂ ਦੀ ਗਿਣਤੀ, ਲੋਕਾਂ ਨੇ ਕੀਤਾ ਪ੍ਰਦਰਸ਼ਨ
Saturday, May 23, 2020 - 01:13 PM (IST)
ਕੋਲਕਾਤਾ-ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫਾਨ 'ਅਮਫਾਨ' ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ 3 ਦਿਨਾਂ ਬਾਅਦ ਵੀ ਸਥਿਤੀ ਸਾਧਾਰਨ ਕਰਨ 'ਚ ਪ੍ਰਸ਼ਾਸਨ ਦੀ ਅਸਫਲਤਾ ਖਿਲਾਫ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੜਕਾਂ ਬੰਦ ਕਰ ਦਿੱਤੀਆਂ। ਚੱਕਰਵਾਤੀ ਤੂਫਾਨ ਕਾਰਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ, ਪ੍ਰਸ਼ਾਸਨ ਤੇ ਤਮਾਮ ਅਧਿਕਾਰੀ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤੀ ਸਾਧਾਰਨ ਬਣਾਉਣ 'ਚ ਜੁੱਟੇ ਹੋਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੱਕਰਵਾਤੀ ਤੂਫਾਨ ਅਮਫਾਨ ਤੋਂ ਪ੍ਰਭਾਵਿਤ ਦੱਖਣੀ 24 ਪਰਗਨਾ ਜ਼ਿਲੇ ਦਾ ਅੱਜ ਭਾਵ ਸ਼ਨੀਵਾਰ ਨੂੰ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲੈ ਸਕਦੀ ਹੈ। ਦੱਸ ਦੇਈਏ ਕਿ ਸੂਬੇ 'ਚ ਬੁੱਧਵਾਰ ਨੂੰ ਚੱਕਰਵਾਤੀ ਤੂਫਾਨ ਅਮਫਾਨ ਨੇ ਭਿਆਨਕ ਤਬਾਹੀ ਮਚਾਉਣ ਤੋਂ ਬਾਅਦ ਲੱਖਾਂ ਲੋਕ ਬੇਘਰ ਹੋ ਗਏ, ਕਈ ਘਰ ਬਰਬਾਦ ਹੋ ਗਏ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ।
ਅਧਿਕਾਰਤ ਮਾਹਰਾਂ ਮੁਤਾਬਕ ਸੂਬੇ ਦੇ ਲਗਭਗ 1.5 ਕਰੋੜ ਲੋਕ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ ਅਤੇ ਚੱਕਰਵਾਤ ਕਾਰਨ 10 ਲੱਖ ਤੋਂ ਜ਼ਿਆਦਾ ਘਰ ਬਰਬਾਦ ਹੋ ਗਏ। ਕੋਲਕਾਤਾ ਦੇ ਕੁਝ ਹਿੱਸਿਆਂ ਅਤੇ ਉੱਤਰ-ਦੱਖਣੀ 24 ਪਰਗਨਾ 'ਚ ਚਾਹੇ ਬਿਜਲੀ ਅਤੇ ਮੋਬਾਇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਬਿਜਲੀ ਦੇ ਖੰਭੇ ਡਿੱਗ ਜਾਣ ਕਾਰਨ ਸੰਚਾਰ ਲਾਈਨਾਂ ਟੁੱਟ ਜਾਣ ਨਾਲ ਹੁਣ ਵੀ ਕਈ ਇਲਾਕੇ ਹਨ੍ਹੇਰੇ 'ਚ ਰਹਿਣ ਲਈ ਮਜ਼ਬੂਰ ਹੋ ਗਏ ਹਨ। ਕੋਲਕਾਤਾ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਬਿਜਲੀ ਅਤੇ ਪਾਣੀ ਦੀ ਤਰੁੰਤ ਪੂਰਤੀ ਬਹਾਲ ਕਰਨ ਦੀ ਮੰਗ ਦੇ ਨਾਲ ਸ਼ੁੱਕਰਵਾਰ ਰਾਤ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੜਕਾਂ ਬੰਦ ਹੋ ਚੁੱਕੀਆਂ ਹਨ।ਕੋਲਕਾਤਾ ਨਗਰ ਨਿਗਮ ਪ੍ਰਸ਼ਾਸਨ ਬੋਰਡ ਦੇ ਮੁਖੀ ਫਰਹਾਦ ਹਾਕਿਮ ਨੇ ਭਰੋਸਾ ਦਿੱਤਾ ਹੈ ਕਿ ਇਕ ਹਫਤੇ ਦੌਰਾਨ ਸਥਿਤੀ ਸਾਧਾਰਨ ਹੋ ਜਾਵੇਗੀ ਕਿਉਂਕਿ ਸਰਕਾਰੀ ਅਧਿਕਾਰੀ ਸਥਿਤੀ 'ਚ ਸੁਧਾਰ ਲਈ ਲਗਾਤਾਰ ਕੰਮ ਕਰ ਰਹੇ ਹਨ।