ਦਿੱਲੀ: ਮਨੀਸ਼ ਸਿਸੌਦੀਆ ਨੇ ਪੇਸ਼ ਕੀਤਾ 53 ਹਜ਼ਾਰ ਕਰੋੜ ਦਾ ਬਜਟ

03/22/2018 3:28:55 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੀ ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ ਵਿਧਾਨ ਸਭਾ ਦੇ ਵਿੱਤ ਸਾਲ 2018-19 ਲਈ 53 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ 'ਚ ਵਾਤਾਵਰਣ, ਸਿਹਤ, ਸਿੱਖਿਆ ਅਤੇ ਪਾਣੀ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ਪੇਸ਼ ਕਰਦੇ ਹੋਏ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਬਜਟ 'ਚ ਦਿੱਲੀ ਦੇ ਗਰੀਬ ਅਤੇ ਮੱਧਮ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਹੈ। ਸਿਸੌਦੀਆ ਨੇ ਕਿਹਾ,''ਵਿੱਤ ਸਾਲ 2018-19 ਲਈ ਬਜਟ 53 ਹਜ਼ਾਰ ਕਰੋੜ ਰੁਪਏ ਹੈ, ਜੋ ਪਿਛਲੇ ਵਿੱਤ ਸਾਲ ਦੇ ਬਜਟ (44,370 ਕਰੋੜ) ਤੋਂ 19.45 ਫੀਸਦੀ ਵਧ ਹੈ। ਸਿਸੌਦੀਆ ਨੇ ਇਸ ਸਾਲ ਦੇ ਬਜਟ ਨੂੰ ਹਰਿਤ ਬਜਟ ਦੱਸਦੇ ਹੋਏ ਪ੍ਰਦੂਸ਼ਣ ਕੰਟਰੋਲ ਲਈ ਦਿੱਲੀ ਸਰਕਾਰ ਦੇ 26 ਪੁਆਇੰਟ ਪ੍ਰੋਗਰਾਮ ਨੂੰ ਵੀ ਸਦਨ ਦੇ ਸਾਹਮਣੇ ਰੱਖਿਆ। ਸਿਸੌਦੀਆ ਨੇ ਕਿਹਾ ਕਿ ਉਨ੍ਹਾਂ ਦੀ ਸਰਕਾ ਦੇ ਪਿਛਲੇ 3 ਸਾਲ ਦੇ ਕਾਰਜਕਾਲ 'ਚ ਦਿੱਲੀ ਦਾ ਬਜਟ 30,900 ਕਰੋੜ ਤੋਂ ਵਧ ਕੇ 53 ਹਜ਼ਾਰ ਕਰੋੜ ਹੋਇਆ ਹੈ। ਨਗਰ ਨਿਗਮ ਨੂੰ ਇਸ ਸਾਲ ਕੁੱਲ ਬਜਟ ਦਾ 13 ਫੀਸਦੀ ਵੰਡਿਆ ਗਿਆ ਹੈ। ਸਿਸੌਦੀਆ ਨੇ ਦੱਸਿਆ ਕਿ ਨਿਗਮ ਏਰੀਆ 'ਚ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਵੱਖ ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਪ੍ਰਦੂਸ਼ਣ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਸਰਕਾਰ ਨੇ ਆਪਣਾ ਪਹਿਲਾ 'ਹਰਿਤ ਬਜਟ' ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ,''ਅਸੀਂ ਟਰਾਂਸਪੋਰਟ, ਊਰਜਾ, ਵਾਤਾਵਰਣ ਅਤੇ ਪੀ.ਡਬਲਿਊ.ਡੀ. ਦੇ 26 ਪ੍ਰੋਗਰਾਮ ਅਤੇ ਯੋਜਨਾਵਾਂ ਸ਼ੁਰੂ ਕਰਨ ਵਾਲੇ ਹਾਂ ਤਾਂ ਕਿ ਪ੍ਰਦੂਸ਼ਣ ਕੰਟਰੋਲ ਅਤੇ ਵੱਖ-ਵੱਖ ਪ੍ਰਦੂਸ਼ਕਾਂ ਦਾ ਪੱਧਰ ਘੱਟ ਕਰਨ ਲਈ ਇੰਟੀਗਰੇਟਿਡ ਪ੍ਰਣਾਲੀ ਤਿਆਰ ਕੀਤੀ ਜਾ ਸਕੇ।'' ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸ਼ਹਿਰ ਦੀਆਂ ਸਥਾਨਕ ਬਾਡੀਆਂ ਦੇ ਅਧੀਨ ਆਉਣ ਵਾਲੀਆਂ ਛੋਟੀਆਂ ਸੜਕਾਂ ਦੀ ਮੁਰੰਮਤ ਅਤੇ ਦੇਖਭਾਲ ਲਈ 1000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।

ਸਿੱਖਿਆ ਲਈ ਕਰੀਬ 14 ਹਜ਼ਾਰ ਕਰੋੜ ਰੁਪਏ, ਕੁੱਲ ਬਜਟ ਦਾ 26 ਫੀਸਦੀ
'ਆਪ' ਸਰਕਾਰ ਨੇ ਸਾਲ 2018-19 ਦੇ ਬਜਟ 'ਚ ਸਿੱਖਿਆ ਦੇ ਖੇਤਰ 'ਤੇ ਖਾਸ ਧਿਆਨ ਦਿੱਤਾ ਹੈ। ਮਨੀਸ਼ ਸਿਸੌਦੀਆ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਲਈ 13997 ਕਰੋੜ ਰੁਪਏ ਵੰਡੇ ਹਨ। ਇਹ ਰਾਸ਼ੀ ਕੁੱਲ ਬਜਟ ਦੀ 26 ਫੀਸਦੀ ਹੈ। ਪਿਛਲੇ ਸਾਲ ਦੇ ਬਜਟ 'ਚ ਸਰਕਾਰ ਨੇ ਸਿੱਖਿਆ ਲਈ ਕੁੱਲ ਬਜਟ 'ਚੋਂ 23.5 ਫੀਸਦੀ ਰਾਸ਼ੀ ਦਾ ਪ੍ਰਸਤਾਵ ਦਿੱਤਾ ਸੀ। ਸਿਸੌਦੀਆ ਨੇ ਕਿਹਾ ਕਿ ਇਸ ਰਾਸ਼ੀ ਨਾਲ ਸਿੱਖਿਆ ਢਾਂਚੇ 'ਚ ਵਾਧਾ ਕੀਤਾ ਜਾਵੇਗਾ। 12748 ਨਵੇਂ ਕਲਾਸ ਰੂਮ ਅਤੇ 30 ਨਵੀਆਂ ਸਕੂਲ ਬਿਲਡਿੰਗ ਬਣਾਉਣ ਦੀ ਯੋਜਨਾ ਹੈ। ਬੱਚਿਆਂ ਨੂੰ ਨਿਰਾਸ਼ਾ ਤੋਂ ਬਚਾਉਣ, ਖੁਸ਼ ਰੱਖਣ ਅਤੇ ਸਵਸਥ ਦਿਮਾਗ ਦੇ ਨਿਰਮਾਣ ਲਈ ਦਿੱਲੀ ਦੇ ਸਰਕਾਰੀ ਸਕੂਲ 'ਚ ਨਵਾਂ ਪਾਠਕ੍ਰਮ ਲਿਆਂਦਾ ਜਾਵੇਗਾ। ਮਿਸ਼ਨ ਬੁਨਿਆਦ ਯੋਜਨਾ ਦੇ ਅਧੀਨ ਦਿੱਲੀ ਸਰਕਾਰ ਅਤੇ ਨਗਰ ਨਿਗਮ ਸਕੂਲਾਂ ਦੇ ਬੱਚਿਆਂ ਦੀ ਰੀਡਿੰਗ ਅਤੇ ਮੈਥ ਸਕਿਲ ਡਿਵੈਲਪ ਕਰਨ ਲਈ ਮਈ-ਜੂਨ 'ਚ ਮੁਹਿੰਮ ਚਲਾਉਣਗੇ। ਸਿਸੌਦੀਆ ਨੇ ਦੱਸਿਆ ਕਿ ਸਕੂਲ 'ਚ ਇਕ ਲੱਖ 20 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਕਰੀਬ ਹਰ ਸਕੂਲ 'ਚ 150 ਤੋਂ 200 ਕੈਮਰੇ ਲੱਗਣਗੇ। ਸਰਕਾਰੀ ਸਕੂਲਾਂ 'ਚ ਲੜਕੀਆਂ ਲਈ ਸੈਲਫ ਡਿਫੈਂਸ ਦੀ ਕਲਾਸ ਸ਼ੁਰੂ ਕੀਤੀ ਜਾਵੇਗੀ। ਇਸ ਲਈ 10 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲਾਂ 'ਚ ਖੇਡਾਂ ਨੂੰ ਉਤਸ਼ਾਹ ਦੇਣ ਲਈ 20 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਸਿਹਤ ਲਈ 6700 ਕਰੋੜ ਰੁਪਏ ਦਾ ਪ੍ਰਸਤਾਵ
ਦਿੱਲੀ ਸਰਕਾਰ ਦੇ ਬਜਟ 2018-19 ਲਈ ਸਿਹਤ ਖੇਤਰ 'ਚ 6700 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਹੈ। ਪ੍ਰਦੇਸ਼ ਸਰਕਾਰ ਨੇ ਸਾਰਿਆਂ ਲਈ ਸਿਹਤ ਬੀਮਾ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਲਈ 100 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਮੋਹੱਲਾ ਅਤੇ ਪਾਲੀਕਲੀਨਿਕਾਂ ਦੀ ਸਥਾਪਨਾ ਲਈ 403 ਕਰੋੜ ਰੁਪਏ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਹਸਪਤਾਲਾਂ ਦੇ ਨਿਰਮਾਣ ਅਤੇ ਮੌਜੂਦਾ ਦੇ ਨਵੀਕਰਨ ਲਈ 450 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਸਿਸੌਦੀਆ ਨੇ ਦੱਸਿਆ ਕਿ ਪਿਛਲੇ ਸਾਲ 164 ਆਮ ਆਦਮੀ ਮੋਹੱਲਾ ਕਲੀਨਿਕ 'ਚ 80 ਲੱਖ ਲੋਕਾਂ ਦਾ ਇਲਾਜ ਹੋਇਆ।


Related News