ਕੋਰੋਨਾ ਆਫ਼ਤ 'ਚ 6 ਮਹੀਨੇ ਬਾਅਦ ਮੁੜ ਪਟੜੀ 'ਤੇ ਦੌੜੀ 'ਦਿੱਲੀ ਮੈਟਰੋ'

09/07/2020 10:56:33 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੀ ਲਾਈਫ਼ ਲਾਈਨ ਅਤੇ ਜਨਤਕ ਆਵਾਜਾਈ ਦੀ ਰੀੜ੍ਹ ਮੰਨੀ ਜਾਣ ਵਾਲੀ ਦਿੱਲੀ ਮੈਟਰੋ ਦਾ ਸਫਰ ਪਿਛਲੇ ਕਰੀਬ 6 ਮਹੀਨੇ ਯਾਨੀ ਕਿ 169 ਦਿਨਾਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਸੋਮਵਾਰ ਯਾਨੀ ਕਿ 7 ਸਤੰਬਰ ਦੀ ਸਵੇਰ ਨੂੰ ਦਿੱਲੀ ਵਿਚ ਇਕ ਵਾਰ ਫਿਰ ਮੈਟਰੋ ਸੇਵਾ ਸ਼ੁਰੂ ਹੋਈ। ਸਵੇਰੇ 7 ਵਜੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਰੈਪਿਡ ਮੈਟਰੋ, ਗੁਰੂਗ੍ਰਾਮ ਸਮੇਤ ਯੈਲੋ ਲਾਈਨ 'ਤੇ ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਵਿਚਾਲੇ ਬਹਾਲ ਕਰ ਦਿੱਤੀ ਗਈ।  

PunjabKesari

ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦਿੱਲੀ ਮੈਟਰੋ ਸੇਵਾ ਬੀਤੀ ਮਾਰਚ ਮਹੀਨੇ ਨੂੰ ਬੰਦ ਕਰ ਦਿੱਤਾ ਸੀ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹਾਲਾਂਕਿ ਅਜੇ ਅਸੀਂ ਕੋਰੋਨਾ 'ਤੇ ਜਿੱਤ ਪ੍ਰਾਪਤ ਨਹੀਂ ਕੀਤੀ ਹੈ ਪਰ ਹੌਲੀ-ਹੌਲੀ ਸਭ ਕੁਝ ਆਮ ਹੁੰਦਾ ਜਾ ਰਿਹਾ ਹੈ। ਅਨਲੌਕ-4 ਦੇ ਪੜਾਅ 'ਚ ਕਾਫੀ ਕੁਝ ਖੁੱਲ੍ਹ ਰਿਹਾ ਹੈ। ਅਜਿਹੇ ਵਿਚ ਮੈਟਰੋ ਸੇਵਾ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਮੈਟਰੋ 'ਚ ਸਫਰ ਕਰਨ ਵਾਲਿਆਂ ਨੂੰ ਕਾਫੀ ਸਾਵਧਾਨੀ ਵਰਤਣੀ ਪਵੇਗੀ। ਨਿਯਮ ਕਾਫੀ ਸਖਤ ਹਨ ਅਤੇ ਲੋਕਾਂ ਨੂੰ ਇਸ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਗ੍ਰਹਿ ਮੰਤਰਾਲਾ ਨੇ ਹਾਲ ਹੀ 'ਚ ਦੇਸ਼ ਵਿਚ ਲੜੀਬੱਧ ਢੰਗ ਨਾਲ ਮੈਟਰੋ ਸੇਵਾਵਾਂ ਬਹਾਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਦਿੱਲੀ ਮੈਟਰੋ ਰੇਲ ਨਿਗਮ (ਡੀ. ਐੱਮ. ਆਰ. ਸੀ.) ਨੇ ਕਿਹਾ ਸੀ ਕਿ ਉਹ 7 ਤੋਂ 12 ਸਤੰਬਰ ਵਿਚਾਲੇ ਤਿੰਨ ਪੜਾਵਾਂ ਵਿਚ ਸੇਵਾਵਾਂ ਬਹਾਲ ਕਰੇਗਾ।

PunjabKesari

ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਮੈਟਰੋ ਸਵੇਰੇ 4 ਘੰਟੇ ਯਾਨੀ ਕਿ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 4 ਤੋਂ ਰਾਤ 8 ਵਜੇ ਤੱਕ ਚਲੇਗੀ। ਡੀ. ਐੱਮ. ਆਰ. ਸੀ. ਨੇ ਲੋਕਾਂ ਨੂੰ ਬਹੁਤ ਜ਼ਰੂਰੀ ਹੋਣ 'ਤੇ ਹੀ ਮੈਟਰੋ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਵੀ ਮੈਟਰੋ ਵਿਚ ਸਫਰ ਦੌਰਾਨ ਖ਼ੁਦ ਦਾ ਖਿਆਲ ਰੱਖਣਾ ਹੋਵੇਗਾ, ਤਾਂ ਕਿ ਕੋਰੋਨਾ ਵਾਇਰਸ ਤੋਂ ਬਚਾਅ ਰਹੇ। ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲਾ ਵਲੋਂ ਜਾਰੀ ਐੱਸ. ਓ. ਪੀ. ਤਹਿਤ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਬਿੰਦੂਆਂ 'ਤੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਐਂਟਰੀ ਦਿੱਤੀ ਜਾਵੇਗੀ। ਯਾਤਰੀਆਂ ਅਤੇ ਸਟਾਫ਼ ਲਈ ਫੇਸ ਮਾਸਕ ਜ਼ਰੂਰੀ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਹੋਵੇਗੀ। ਸਟੇਸ਼ਨ ਅੰਦਰ ਸਾਫ-ਸਫਾਈ ਦਾ ਬਿਹਤਰ ਇੰਤਜ਼ਾਮ ਕੀਤਾ ਗਿਆ ਹੈ। ਮੈਟਰੋ ਸਟੇਸ਼ਨਾਂ ਦੇ ਬਾਹਰ ਦਿੱਲੀ ਪੁਲਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।


Harinder Kaur

Content Editor

Related News