ਦਿੱਲੀ ''ਚ ਵਧਦਾ ਜਾ ਰਿਹਾ ਕੋਰੋਨਾ ਦਾ ਕਹਿਰ, ਕੇਜਰੀਵਾਲ ਸਰਕਾਰ ਨੇ ਹੁਣ ਬਦਲੀ ਡਿਸਚਾਰਜ ਪਾਲਿਸੀ
Saturday, Jun 13, 2020 - 11:41 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇੱਥੇ ਇਨਫੈਕਸ਼ਨ ਦੇ ਮਾਮਲੇ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ। ਇਸ ਭਿਆਨਕ ਸਥਿਤੀ 'ਚੋਂ ਨਿਕਲਣ ਲਈ ਦਿੱਲੀ ਸਰਕਾਰ ਆਏ ਦਿਨ ਕਈ ਵੱਡੇ ਫੈਸਲੇ ਲੈ ਰਹੀ ਹੈ। ਇਸੇ ਦੌਰਾਨ ਡਿਸਚਾਰਜ (ਛੁੱਟੀ) ਪਾਲਿਸੀ 'ਚ ਵੀ ਤਬਦੀਲੀ ਕਰ ਦਿੱਤੀ ਗਈ ਹੈ।
ਦਿੱਲੀ ਦੇ ਸਿਹਤ ਮਹਿਕਮੇ ਵਲੋਂ ਤੈਅ ਕੀਤੀ ਗਈ ਨਵੀਂ ਪਾਲਿਸੀ ਇਸ ਤਰ੍ਹਾਂ ਹੈ:-
1- ਆਕਸੀਜਨ ਸੇਚੁਰੇਸ਼ਨ (ਸੰਤ੍ਰਿਪਤਾ)95 ਫੀਸਦੀ ਤੋਂ ਘੱਟ ਹੋਣ 'ਤੇ ਹੀ ਮਰੀਜ਼ ਨੂੰ ਕੋਵਿਡ ਹੈਲਥ ਸੈਂਟਰ 'ਚ ਭਰਤੀ ਕੀਤਾ ਜਾਵੇਗਾ।
2- ਇਲਾਜ ਦੌਰਾਨ ਠੀਕ ਹੋਣ ਦੀ ਸਥਿਤੀ 'ਚ ਮਰੀਜ਼ ਨੂੰ 4 ਦਿਨਾਂ ਤੱਕ ਬਿਨ੍ਹਾਂ ਆਕਸੀਜਨ ਸਪੋਰਟ ਦੇ ਰਹਿਣ ਅਤੇ ਬੁਖਾਰ ਨਾ ਹੋਣ 'ਤੇ 10 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
3- ਠੀਕ ਹੋਣ ਤੋਂ ਬਾਅਦ ਵੀ 14 ਦਿਨਾਂ ਤੱਕ ਟੇਲੀ ਕਾਨਫਰੈਂਸਿੰਗ ਨਾਲ ਉਸ ਦੀ ਨਿਗਰਾਨੀ ਕੀਤੀ ਜਾਵੇਗੀ।
4- ਛੁੱਟੀ ਦੇ ਸਮੇਂ ਮਰੀਜ਼ ਨੂੰ ਇਹ ਸਲਾਹ ਦਿੱਤੀ ਜਾਵੇਗੀ ਕਿ ਉਹ 7 ਦਿਨਾਂ ਤੱਕ ਹੋਮ ਆਈਸੋਲੇਸ਼ਨ 'ਚ ਰਹਿਣਗੇ।
5- ਛੁੱਟੀ ਤੋਂ ਬਾਅਦ ਜੇਕਰ ਮਰੀਜ਼ ਨੂੰ ਕਦੇ ਵੀ ਬੁਖਾਰ, ਖੰਘ ਅਤੇ ਸਾਹ ਦੀ ਪਰੇਸ਼ਾਨੀ ਹੋਵੇ ਤਾਂ ਉਹ ਤੁਰੰਤ ਕੋਵਿਡ ਕੇਅਰ ਸੈਂਟਰ ਦੇ ਹੈਲਪਲਾਈਨ ਨੰਬਰ 1075 'ਤੇ ਫੋਨ ਕਰ ਕੇ ਸੂਚਨਾ ਦੇਵੇ।
ਦੱਸਣਯੋਗ ਹੈ ਕਿ ਦਿੱਲੀ 'ਚ ਇਕ ਹੀ ਦਿਨ 'ਚ ਹੁਣ ਤੱਕ ਸਭ ਤੋਂ ਵਧ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,317 ਨਵੇਂ ਮਾਮਲੇ ਸ਼ੁੱਕਰਵਾਰ ਨੂੰ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਦਿੱਲੀ 'ਚ ਪੀੜਤ ਲੋਕਾਂ ਦੀ ਕੁੱਲ ਗਿਣਤੀ 36,824 ਹੋ ਗਈ। ਅਜਿਹੀ ਪਹਿਲੀ ਵਾਰ ਹੈ ਕਿ ਜਦੋਂ ਦਿੱਲੀ 'ਚ ਇਕ ਹੀ ਦਿਨ 'ਚ 2 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 1,877 ਨਵੇਂ ਮਾਮਲੇ ਸਾਹਮਣੇ ਆਏ ਸਨ।