ਦਿੱਲੀ ''ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਜਾਣੋ ਕਿਸ ਦਿਨ ਚੱਲਣਗੀਆਂ ਕਿਸ ਨੰਬਰ ਦੀਆਂ ਕਾਰਾਂ
Monday, Dec 07, 2015 - 10:54 AM (IST)

ਨਵੀਂ ਦਿੱਲੀ— ਦਿੱਲੀ ''ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਦੇ ਈਵਨ-ਓਡ ਨੰਬਰਾਂ ਦੇ ਆਧਾਰ ''ਤੇ ਫਾਰਮੂਲਾ ਤੈਅ ਹੋ ਗਿਆ ਹੈ। ਕਾਰ ਪਲਾਨ ਇਕ ਜਨਵਰੀ ਨੂੰ ਲਾਗੂ ਕੀਤਾ ਜਾਵੇਗਾ। ਸਰਕਾਰ ਮੁਤਾਬਕ ਵਿਸ਼ਮ ਯਾਨੀ ਕਿ ਓਡ ਨੰਬਰ ਦੀਆਂ ਕਾਰਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲਣਗੀਆਂ, ਜਦ ਕਿ ਸਮ ਨੰਬਰ ਯਾਨੀ ਕਿ ਈਵਨ ਨੰਬਰ ਦੀਆਂ ਕਾਰਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲਣਗੀਆਂ ਜਦ ਕਿ ਐਤਵਾਰ ਨੂੰ ਕਿਸੇ ਵੀ ਗੱਡੀ ''ਤੇ ਰੋਕ ਨਹੀਂ ਹੋਵੇਗੀ ਅਤੇ ਦਿੱਲੀ ਆਉਣ ਵਾਲੀ ਹਰ ਨਿਜੀ ਗੱਡੀ ''ਤੇ ਇਹ ਨਿਯਮ ਲਾਗੂ ਹੋਵੇਗਾ। ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੇ ਸਾਫ ਕਰ ਦਿੱਤਾ ਹੈ ਕਿ ਦਿੱਲੀ ''ਚ ਦੋ-ਪਹੀਆ ਵਾਹਨਾਂ ਅਤੇ ਆਟੋ ''ਤੇ ਸਮ-ਵਿਸ਼ਮ ਫਾਰਮੂਲਾ ਲਾਗੂ ਨਹੀਂ ਹੋਵੇਗਾ।
ਹਾਲਾਂਕਿ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਆਵੇਗੀ ਤਾਂ ਸਰਕਾਰ 10-15 ਦਿਨਾਂ ਵਿਚ ਇਸ ਕਦਮ ਨੂੰ ਰੋਕ ਦੇਵੇਗੀ। ਸਮ ਅਤੇ ਵਿਸ਼ਮ ਨੰਬਰ ਦਾ ਫਾਰਮੂਲਾ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ''ਤੇ ਵੀ ਲਾਗੂ ਹੋਵੇਗਾ। ਕੁਝ ਲੋਕ ਦਿੱਲੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਅਤੇ ਕੁਝ ਸਮਰਥਨ। ਕੇਜਰੀਵਾਲ ਸਰਕਾਰ ਦੇ ਇਸ ਫਾਰਮੂਲੇ ਮੁਤਾਬਕ ਰਾਜਧਾਨੀ ''ਚ ਇਕ ਦਿਨ ਸਮ ਤਾਂ ਦੂਜੇ ਦਿਨ ਵਿਸ਼ਮ ਨੰਬਰ ਪਲੇਟ ਦੀਆਂ ਗੱਡੀਆਂ ਚੱਲਣਗੀਆਂ। ਇਸ ਦਾ ਸਿੱਧਾ ਮਤਲਬ ਹੈ ਕਿ ਦਿੱਲੀ ''ਚ ਗੱਡੀਆਂ ਦੀ ਗਿਣਤੀ ਨੂੰ ਅੱਧਾ ਕਰ ਦੇਣਾ ਹੈ। ਇਹ ਫੈਸਲਾ ਇਕ ਜਨਵਰੀ ਤੋਂ ਲਾਗੂ ਕਰਨ ਦੀ ਯੋਜਨਾ ਹੈ।