ਹਿਮਾਚਲ ਸਰਕਾਰ ਨੇ ਸਾਰੇ ਸਕੂਲ, ਜਿਮ ਤੇ ਸਿਨੇਮਾ ਹਾਲ ਖੋਲ੍ਹਣ ਦਾ ਲਿਆ ਫ਼ੈਸਲਾ
Monday, Feb 14, 2022 - 06:06 PM (IST)
ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ’ਚ 17 ਫਰਵਰੀ ਤੋਂ ਸਾਰੇ ਸਿੱਖਿਅਕ ਸੰਸਥਾਵਾਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਇੱਥੇ ਕੈਬਨਿਟ ਦੀ ਬੈਠਕ ’ਚ ਲਿਆ ਗਿਆ। ਪ੍ਰਦੇਸ਼ ’ਚ ਕੋਰੋਨਾ ਵਾਇਰਸ ਮਾਮਲੇ ਘੱਟ ਹੋਣ ’ਤੇ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਪ੍ਰਦੇਸ਼ ’ਚ 17 ਫਰਵਰੀ ਤੋਂ ਪਹਿਲੀ ਤੋਂ 8ਵੀਂ ਜਮਾਤ ਤਕ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਮ ਅਤੇ ਸਿਨੇਮਾ ਹਾਲ ਖੋਲ੍ਹਣ ਦੀ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਹਰ ਤਰ੍ਹਾਂ ਦੇ ਲੰਗਰਾਂ ਲਈ ਆਗਿਆ ਪ੍ਰਦਾਨ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਕੈਬਨਿਟ ਨੇ ਇਸ ਦੇ ਨਾਲ ਹੀ ਤੁਰੰਤ ਦੇਖਭਾਲ ਦੀ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਮੁਫ਼ਤ ਟਰਾਂਸਪੋਰਟ ਸੇਵਾ ਪ੍ਰਦਾਨ ਕਰਨ ਲਈ ਰਾਸ਼ਟਰੀ ਐਂਬੂਲੈਂਸ ਸੇਵਾ-108 ਤਹਿਤ 50 ਵਾਧੂ ਐਂਬੂਲੈਂਸ ਖਰੀਦਣ ਅਤੇ ਸੰਚਾਲਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ ਕਾਂਗੜਾ ਜ਼ਿਲ੍ਹੇ ਦੇ ਧੀਰਾ ’ਚ, ਚੰਬਾ ਜ਼ਿਲ੍ਹੇ ਦੇ ਭਟੀਯਾਤ ’ਚ ਅਤੇ ਮੰਡੀ ਜ਼ਿਲ੍ਹੇ ਦੇ ਰਿਵਾਲਸਰ ’ਚ 3 ਨਵੇਂ ਉੱਪ-ਅਗਨੀ ਕੇਂਦਰ ਖੋਲ੍ਹਣ ਅਤੇ ਸ਼ਿਮਲਾ ਜ਼ਿਲ੍ਹੇ ਦੇ ਚਿੜਗਾਂਵ, ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਅਤੇ ਅਟਲ ਟਨਲ ਰੋਹਤਾਂਗ ਦੇ ਸਾਊਥ ਪੋਰਟਲ ’ਚ ਤਿੰਨ ਨਵੇਂ ਫਾਇਰ ਪੋਸਟ ਖੋਲ੍ਹਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।