ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 28 ਲੋਕਾਂ ਦੀ ਮੌਤ, 14 ਲੋਕਾਂ ਖ਼ਿਲਾਫ FIR ਦਰਜ

07/26/2022 6:00:05 PM

ਅਹਿਮਦਾਬਾਦ– ਗੁਜਰਾਤ ਦੇ ਬੋਟਾਦ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28 ਹੋ ਗਈ ਹੈ। ਗੁਜਰਾਤ ਪੁਲਸ ਦੇ ਡਾਇਰੈਕਟਰ ਜਨਰਲ ਆਸ਼ੀਸ਼ ਭਾਟੀਆ ਨੇ ਗਾਂਧੀਨਗਰ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਬੋਟਾਦ ਦੇ ਵੱਖ-ਵੱਖ ਪਿੰਡਾਂ ਦੀ ਇਕ ਮਹਿਲਾ ਸਮੇਤ ਕੁਝ ਛੋਟੇ ਸ਼ਰਾਬ ਤਸਕਰਾਂ ਨੇ ‘ਮਿਥਾਈਲ ਅਲਕੋਹਲ’ ’ਚ ਪਾਣੀ ਮਿਲਾ ਕੇ ਨਕਲੀ ਸ਼ਰਾਬ ਬਣਾਈ ਸੀ, ਜੋ ਬੇਹੱਦ ਜ਼ਹਿਰੀਲੀ ਹੁੰਦੀ ਹੈ। ਉਹ 20 ਰੁਪਏ ‘ਪਾਊਚ’ ਦੀ ਕੀਮਤ ’ਤੇ ਉਸ ਨੂੰ ਪਿੰਡ ਵਾਲਿਆਂ ਨੂੰ ਵੇਚਦੇ ਸਨ। ਮਾਮਲੇ ’ਚ ਐੱਫ. ਆਈ.ਆਰ. ਦਰਜ ਕਰ ਲਈ ਗਈ ਹੈ।

ਜਾਨ ਗੁਆਉਣ ਵਾਲੇ ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ’ਚ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਨੇ ਮੇਥੇਨਾਲ ਪੀਤੀ ਸੀ। ਭਾਟੀਆ ਨੇ 14 ਲੋਕਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-302, 328 ਅਤੇ 120ਬੀ ਤਹਿਤ 3 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮਾਮਲਾ ਸੋਮਵਾਰ ਸਵੇਰੇ ਉਦੋਂ ਸਾਹਮਣੇ ਆਇਆ, ਜਦੋਂ ਬੋਟਾਦ ਦੇ ਰੋਜਿਡ ਪਿੰਡ ਅਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ’ਚ ਰਹਿਣ ਵਾਲੇ ਕੁਝ ਲੋਕਾਂ ਨੂੰ ਉਨ੍ਹਾਂ ਦੀ ਹਾਲਤ ਵਿਗੜਨ ’ਤੇ ਬਰਵਾਲਾ ਖੇਤਰ ਅਤੇ ਬੋਟਾਦ ਕਸਬਿਆਂ ਦੇ ਸਰਕਾਰੀ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਭਾਟੀਆ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਅਜੇ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ’ਚੋਂ 22 ਬੋਟਾਦ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਸਨ, ਜਦਕਿ 6 ਲੋਕ ਗੁਆਂਢੀ ਅਹਿਮਦਾਬਾਦ ਜ਼ਿਲ੍ਹੇ ਦੇ 3 ਪਿੰਡਾਂ ਦੇ ਰਹਿਣ ਵਾਲੇ ਸਨ। 

ਭਾਟੀਆ ਨੇ ਦੱਸਿਆ ਕਿ ਫੋਰੈਂਸਿਕ ਜਾਂਚ ’ਚ ਪਤਾ ਲੱਗਾ ਹੈ ਕਿ ਪੀੜਤਾਂ ਨੇ ‘ਮਿਥਾਈਲ ਅਲਕੋਹਲ’ ਪੀਤੀ ਸੀ। ਅਸੀਂ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ’ਚ 14 ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਜ਼ਿਆਦਾਤਰ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਗੁਜਰਾਤ ਅੱਤਵਾਦ ਰੋਕੂ ਦਸਤਾ ਅਤੇ ਅਹਿਮਦਾਬਾਦ ਅਪਰਾਧ ਸ਼ਾਖਾ ਵੀ ਜਾਂਚ ’ਚ ਸ਼ਾਮਲ ਹੈ। 

ਭਾਟੀਆ ਨੇ ਦੱਸਿਆ ਕਿ ਹੁਣ ਤੱਕ ਦੀ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਯੇਸ਼ ਉਰਫ ਰਾਜੂ ਨੇ ਅਹਿਮਦਾਬਾਦ ਦੇ ਇਕ ਗੋਦਾਮ 'ਚੋਂ 600 ਲੀਟਰ 'ਮਿਥਾਇਲ ਅਲਕੋਹਲ' ਚੋਰੀ ਕੀਤੀ ਸੀ। ਰਾਜੂ ਉਸ ਗੋਦਾਮ ’ਚ ਬਤੌਰ ਮੈਨੇਜਰ ਕੰਮ ਕਰਦਾ ਸੀ। ਉਸ ਨੇ 25 ਜੁਲਾਈ ਨੂੰ ਬੋਟਾਦ ’ਚ ਰਹਿੰਦੇ ਆਪਣੇ ਰਿਸ਼ਤੇਦਾਰ ਸੰਜੇ ਨੂੰ 40 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਅਧਿਕਾਰੀ ਨੇ ਕਿਹਾ, ‘‘ਇਹ ਜਾਣਦੇ ਹੋਏ ਕਿ ਇਹ ਇਕ ਉਦਯੋਗਿਕ ਘੋਲਣ ਵਾਲਾ (ਸਾਲਵੇਂਟ) ਹੈ, ਸੰਜੇ ਨੇ ਇਸ ਨੂੰ ਬੋਟਾਦ ਦੇ ਵੱਖ-ਵੱਖ ਪਿੰਡਾਂ ਦੇ ਨਸ਼ਾ ਤਸਕਰਾਂ ਨੂੰ ਵੇਚ ਦਿੱਤਾ। ਇਹ ਨਸ਼ਾ ਤਸਕਰ ਇਸ ਕੈਮੀਕਲ ਨੂੰ ਪਾਣੀ ’ਚ ਮਿਲਾ ਕੇ ਦੇਸੀ ਸ਼ਰਾਬ ਬਣਾ ਕੇ ਲੋਕਾਂ ਨੂੰ ਵੇਚਦੇ ਸਨ। ਇਸ ਕਾਰਨ 28 ਲੋਕਾਂ ਦੀ ਮੌਤ ਹੋ ਗਈ।


Tanu

Content Editor

Related News