ਡੀ. ਡੀ. ਏ. ਨੇ ‘ਜਨ ਸਧਾਰਨ ਆਵਾਸ ਯੋਜਨਾ’ ਦਾ ਦੂਜਾ ਪੜਾਅ ਪੇਸ਼ ਕੀਤਾ
Saturday, Nov 08, 2025 - 09:49 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਨੇ ‘ਜਨ ਸਧਾਰਨ ਆਵਾਸ ਯੋਜਨਾ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸ਼ਹਿਰ ਦੇ ਚੰਗੇ ਤਰੀਕੇ ਨਾਲ ਜੁੜੇ ਇਲਾਕਿਆਂ ’ਚ ਲੱਗਭਗ 1,500 ਸਸਤੇ ਫਲੈਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪ੍ਰਾਜੈਕਟ 7 ਨਵੰਬਰ ਨੂੰ ਸ਼ੁਰੂ ਕੀਤਾ ਗਿਆ।
ਇਸ ਯੋਜਨਾ ’ਚ ਹੇਠਲੀ ਆਮਦਨ ਵਾਲੇ ਵਰਗ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈ. ਡਬਲਿਊ. ਐੱਸ.) ਦੇ ਤਹਿਤ ਫਲੈਟ ਦਿੱਤੇ ਜਾਣਗੇ, ਜੋ ਦਿੱਲੀ ਦੇ ਪ੍ਰਮੁੱਖ ਖੇਤਰਾਂ ਜਿਵੇਂ ਕਿ ਸ਼ਿਵਾਜੀ ਮਾਰਗ, ਰਾਮਗੜ੍ਹ ਕਾਲੋਨੀ, ਰੋਹਿਣੀ ਅਤੇ ਨਰੇਲਾ ’ਚ ਸਥਿਤ ਹਨ। ਡੀ. ਡੀ. ਏ. ਨੇ ਇਕ ਬਿਆਨ ’ਚ ਕਿਹਾ ਕਿ ਰੋਹਿਣੀ, ਰਾਮਗੜ੍ਹ ਕਾਲੋਨੀ ਅਤੇ ਸ਼ਿਵਾਜੀ ਮਾਰਗ ਦੇ ਸਾਰੇ ਫਲੈਟ ਪਹਿਲੇ ਦਿਨ ਹੀ ਬੁੱਕ ਹੋ ਗਏ।
ਬਿਆਨ ਅਨੁਸਾਰ, ਪਹਿਲੇ 24 ਘੰਟਿਆਂ ਦੇ ਅੰਦਰ 1,000 ਤੋਂ ਵੱਧ ਫਲੈਟ ਬੁੱਕ ਹੋ ਗਏ, ਜੋ ਡੀ. ਡੀ. ਏ. ਦੇ ਸਸਤੇ ਆਵਾਸ ਪ੍ਰੋਗਰਾਮਾਂ ’ਚ ਲੋਕਾਂ ਦੇ ਉਤਸ਼ਾਹ ਅਤੇ ਭਰੋਸੇ ਨੂੰ ਦਰਸਾਉਂਦਾ ਹੈ। ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਯੋਜਨਾ ਦੀ ਤਰੱਕੀ ਦੀ ਸਮੀਖਿਆ ਕੀਤੀ ਅਤੇ ਇਸਦੇ ਲਾਗੂਕਰਨ ਅਤੇ ਲੋਕਾਂ ਦੀ ਹਾਂ-ਪੱਖੀ ਹੁੰਗਾਰੇ ’ਤੇ ਤਸੱਲੀ ਪ੍ਰਗਟ ਕੀਤੀ।
