ਇਰਾਨ ਨੇ ਅਮਰੀਕਾ-ਇਜ਼ਰਾਈਲ ਖਿਲਾਫ ਸ਼ੁਰੂ ਕੀਤਾ 'ਆਪ੍ਰੇਸ਼ਨ ਫਤਿਹ-ਏ-ਖੈਬਰ'; ਜਾਣੋ ਕੀ ਹੈ ਇਸਦਾ ਮਤਲਬ
Saturday, Feb 28, 2026 - 03:12 PM (IST)
ਇੰਟਰਨੈਸ਼ਨਲ ਡੈਸਕ : ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਦੇਣ ਲਈ 'ਆਪ੍ਰੇਸ਼ਨ ਫਤਿਹ-ਏ-ਖੈਬਰ' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਆਪ੍ਰੇਸ਼ਨ ਦੇ ਤਹਿਤ ਇਰਾਨ ਨੇ ਇਜ਼ਰਾਈਲ ਦੇ ਸ਼ਹਿਰਾਂ 'ਤੇ ਮਿਜ਼ਾਈਲਾਂ ਦੀ ਬੌਛਾਰ ਕਰ ਦਿੱਤੀ ਹੈ, ਜਿਸ ਕਾਰਨ ਪੂਰੇ ਇਜ਼ਰਾਈਲ ਵਿੱਚ ਐਮਰਜੈਂਸੀ ਐਲਾਨੀ ਗਈ ਹੈ।
ਕੀ ਹੈ 'ਫਤਿਹ-ਏ-ਖੈਬਰ' ਦਾ ਮਤਲਬ?
ਅਰਬੀ 'ਚ 'ਫਤਿਹ' ਦਾ ਅਰਥ 'ਜਿੱਤ' ਹੈ ਅਤੇ 'ਖੈਬਰ' ਸਾਊਦੀ ਅਰਬ ਦੇ ਮਦੀਨਾ ਦੇ ਕੋਲ ਸਥਿਤ ਇੱਕ ਜਗ੍ਹਾ ਹੈ, ਜਿਸ ਨੂੰ ਇਸਲਾਮੀ ਇਤਿਹਾਸ ਦਾ ਸਭ ਤੋਂ ਮਜ਼ਬੂਤ ਕਿਲਾ ਮੰਨਿਆ ਜਾਂਦਾ ਸੀ। 7ਵੀਂ ਸਦੀ 'ਚ ਸ਼ੀਆ ਧਰਮ ਦੇ ਇਮਾਮ ਹਜ਼ਰਤ ਅਲੀ ਨੇ ਖੈਬਰ ਦੀ ਜੰਗ 'ਚ ਇੱਕ ਭਾਰੀ ਲੋਹੇ ਦਾ ਦਰਵਾਜ਼ਾ ਉਖਾੜ ਕੇ ਜਿੱਤ ਹਾਸਲ ਕੀਤੀ ਸੀ। ਇਰਾਨ, ਜੋ ਕਿ ਇੱਕ ਸ਼ੀਆ ਬਹੁਲ ਦੇਸ਼ ਹੈ, ਨੇ ਇਸੇ ਇਤਿਹਾਸਕ ਘਟਨਾ ਦੇ ਨਾਮ 'ਤੇ ਆਪਣੇ ਆਪ੍ਰੇਸ਼ਨ ਦਾ ਨਾਮ ਰੱਖਿਆ ਹੈ। ਇਹ ਜੰਗ ਇਤਿਹਾਸ ਵਿੱਚ ਯਹੂਦੀਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਲੜੀ ਗਈ ਸੀ।
ਇਜ਼ਰਾਈਲ ਦੀ ਜਵਾਬੀ ਕਾਰਵਾਈ
ਇਸ ਦੇ ਜਵਾਬ 'ਚ ਇਜ਼ਰਾਈਲ ਨੇ ਵੀ ਆਪਣੇ ਆਪ੍ਰੇਸ਼ਨ ਦਾ ਨਾਮ 'ਲਾਇਨਜ਼ ਰੋਰ' (Lion's Roar) ਭਾਵ 'ਸ਼ੇਰ ਦੀ ਦਹਾੜ' ਰੱਖਿਆ ਹੈ। ਇਹ ਨਾਮ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਹਿਲ 'ਤੇ ਰੱਖਿਆ ਗਿਆ ਹੈ। ਇਜ਼ਰਾਈਲ ਡਿਫੈਂਸ ਫੋਰਸ (IDF) ਮੁਤਾਬਕ ਉਹ ਇਰਾਨੀ ਹਮਲਿਆਂ ਦਾ ਸਖ਼ਤ ਜਵਾਬ ਦੇ ਰਹੇ ਹਨ।
ਇਰਾਨ ਦੀ ਫੌਜੀ ਤਾਕਤ
ਅਮਰੀਕੀ ਖੁਫੀਆ ਏਜੰਸੀਆਂ ਅਨੁਸਾਰ ਇਰਾਨ ਕੋਲ ਵਰਤਮਾਨ ਵਿੱਚ 2000 ਤੋਂ ਵੱਧ ਮਿਜ਼ਾਈਲਾਂ ਦਾ ਭੰਡਾਰ ਹੈ। ਇਸ ਤੋਂ ਇਲਾਵਾ ਇਰਾਨ ਕੋਲ ਦੁਨੀਆ ਦੇ ਸਭ ਤੋਂ ਖਤਰਨਾਕ ਮੰਨੇ ਜਾਣ ਵਾਲੇ 'ਸ਼ਾਹੇਦ' (Shahed) ਡਰੋਨ ਵੀ ਮੌਜੂਦ ਹਨ। ਇਰਾਨ ਨੇ ਚੀਨ ਤੋਂ ਖਤਰਨਾਕ ਸੀਐਮ-300 (CM-300) ਮਿਜ਼ਾਈਲਾਂ ਖਰੀਦਣ ਦਾ ਸੌਦਾ ਵੀ ਕੀਤਾ ਹੈ। ਇਰਾਨੀ ਰਿਵੋਲਿਊਸ਼ਨਰੀ ਗਾਰਡ (IRGC) ਨੇ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਹਮਲੇ ਦਾ ਵਿਨਾਸ਼ਕਾਰੀ ਜਵਾਬ ਦੇਣਗੇ ਅਤੇ ਅਮਰੀਕਾ ਤੇ ਇਜ਼ਰਾਈਲ ਨੂੰ ਇਸ ਲਈ ਪਛਤਾਉਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
