ਦਿੱਲੀ ਮਹਿਲਾ ਕਮਿਸ਼ਨ ਨੇ CCTV ਕੈਮਰਿਆਂ ਨੂੰ ਲੈ ਕੇ ਦਿੱਲੀ ਪੁਲਸ ਨੂੰ ਜਾਰੀ ਕੀਤਾ ਨੋਟਿਸ
Wednesday, Nov 16, 2022 - 05:55 PM (IST)
ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ (DCW) ਨੇ ਸ਼ਹਿਰ ਦੀ ਪੁਲਸ ਨੂੰ ਨੋਟਿਸ ਜਾਰੀ ਕਰ ਕੇ ਪੁਲਸ ਥਾਣਿਆਂ ਅਤੇ ਪੁਲਸ ਚੌਕੀਆਂ ’ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਸਥਿਤੀ ਦੀ ਜਾਣਕਾਰੀ ਮੰਗੀ ਹੈ। ਦਰਅਸਲ ਸੁਪਰੀਮ ਕੋਰਟ ਨੇ 2020 ’ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿ ਦੇਸ਼ ਦੇ ਹਰ ਪੁਲਸ ਥਾਣੇ ’ਚ ਰਾਤ ’ਚ ਕੰਮ ਕਰਨ ਅਤੇ ਆਡੀਓ ਰਿਕਾਰਡਿੰਗ ਸਾਹਮਣੇ CCTV ਕੈਮਰੇ ਲਾਏ ਜਾਣ।
ਕਮਿਸ਼ਨ ਨੇ ਇਸ ਸਬੰਧ ’ਚ ਸਾਰੇ ਜ਼ਿਲ੍ਹਿਆਂ ਦੇ ਪੁਲਸ ਡਿਪਟੀ ਕਮਿਸ਼ਨਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕੈਮਰੇ ਨਾ ਹੋਣ ਦੀ ਸਥਿਤੀ ’ਚ ਕਮਿਸ਼ਨ ਨੇ ਉਨ੍ਹਾਂ ਨੂੰ ਲਾਉਣ ਦੀ ਸਮੇਂ ਸੀਮਾ ਮੰਗੀ ਹੈ। ਕਮਿਸ਼ਨ ਨੇ ਕੰਮ ਨਾ ਕਰ ਰਹੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਦਿੱਲੀ ਪੁਲਸ ਵਲੋਂ ਉਨ੍ਹਾਂ ਦੀ ਮੁਰੰਮਤ ਲਈ ਚੁੱਕੇ ਜਾ ਰਹੇ ਕਦਮਾਂ ਦੀ ਵੀ ਜਾਣਕਾਰੀ ਮੰਗੀ ਹੈ। DWC ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਕਿੰਨੇ ਸਮੇਂ ਤੱਕ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਕਮਿਸ਼ਨ ਨੇ ਪੁਲਸ ਥਾਣਿਆਂ ਨਾਲ ਸਬੰਧਤ ਪੁਲਸ ਚੌਕੀਆਂ ’ਚ ਵੀ ਸੀ. ਸੀ. ਟੀ. ਵੀ. ਕੈਮਰੇ ਲਾਉਣ ਨਾਲ ਸਬੰਧਤ ਇਸ ਤਰ੍ਹਾਂ ਦਾ ਵੇਰਵਾ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਸਾਰੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟ, ਪੁਲਸ ਸਟੇਸ਼ਨਾਂ ਦੇ ਮੁੱਖ ਗੇਟ, ਸਾਰੇ ਹਵਾਲਾਤਾਂ, ਗਲਿਆਰੇ, ਸਵਾਗਤ ਖੇਤਰ, ਇੰਸਪੈਕਟਰ ਦੇ ਕਮਰੇ, ਸਬ-ਇੰਸਪੈਕਟਰ ਦੇ ਕਮਰੇ, ਲਾਕ-ਅੱਪ ਕਮਰਿਆਂ ਦੇ ਬਾਹਰ ਦਾ ਖੇਤਰ, ਸਟੇਸ਼ਨ ਹਾਲ, ਪੁਲਸ ਸਟੇਸ਼ਨ ਦੀ ਚਾਰਦੀਵਾਰੀ ਦੇ ਸਾਹਮਣੇ, ਟਾਇਲਟ ਦੇ ਬਾਹਰ (ਅੰਦਰ ਨਹੀਂ), ਡਿਊਟੀ ਅਫਸਰ ਦੇ ਕਮਰੇ ਅਤੇ ਥਾਣੇ ਦੇ ਪਿਛਲੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣੇ ਚਾਹੀਦੇ ਹਨ।