ਡੇਟਿੰਗ ਐਪ ਰਾਹੀਂ ਸੰਪਰਕ ''ਚ ਆਈ ਔਰਤ ਨੇ 62 ਸਾਲਾ ਵਿਅਕਤੀ ਤੋਂ ਠੱਗੇ 73.72 ਲੱਖ ਰੁਪਏ
Monday, Jul 07, 2025 - 01:15 PM (IST)

ਠਾਣੇ- ਮਹਾਰਾਸ਼ਟਰ 'ਚ ਨਵੀਂ ਮੁੰਬਈ ਦੇ 62 ਸਾਲਾ ਇਕ ਵਿਅਕਤੀ ਤੋਂ ਸੋਨੇ ਦੇ ਕਾਰੋਬਾਰ 'ਚ ਭਾਰੀ ਮੁਨਾਫੇ ਦਾ ਝਾਂਸਾ ਦੇ ਕੇ 73.72 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਇਕ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਿਲਾ ਮਾਰਚ ਤੋਂ ਮਈ 2024 ਦਰਮਿਆਨ 'ਡੇਟਿੰਗ ਐਪ' ਰਾਹੀਂ ਨਿਊ ਪਨਵੇਲ ਇਲਾਕੇ 'ਚ ਰਹਿਣ ਵਾਲੇ ਵਿਅਕਤੀ ਦੇ ਸੰਪਰਕ 'ਚ ਆਈ ਸੀ। ਖਾਂਦੇਸ਼ਵਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਣ-ਪਛਾਣ ਤੋਂ ਬਾਅਦ ਦੋਵਾਂ ਵਿਚਾਲੇ ਵਟਸਐੱਪ 'ਤੇ ਗੱਲਬਾਤ ਜਾਰੀ ਰਹੀ, ਜਿਸ ਦੌਰਾਨ ਖ਼ੁਦ ਨੂੰ ਜੀਆ ਦੱਸਣ ਵਾਲੀ ਔਰਤ ਨੇ ਵਿਅਕਤੀ ਨੂੰ ਸੋਨੇ ਦੇ ਕਾਰੋਬਾਰ ਦੀ ਇਕ ਯੋਜਨਾ 'ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਪੀੜਤ ਨੂੰ ਭਾਰੀ ਮੁਨਾਫ਼ੇ ਦਾ ਭਰੋਸਾ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਟ੍ਰੇਡਿੰਗ ਐਪਲੀਕੇਸ਼ਨ ਦਾ ਇਸਤੇਮਾਲ ਕਰਨ ਲਈ ਰਾਜੀ ਕੀਤਾ। ਉਨ੍ਹਾਂ ਦੱਸਿਆ ਕਿ ਪੀੜਤ ਨੇ ਇਸ ਤੋਂ ਬਾਅਦ ਤਿੰਨ ਮਹੀਨਿਆਂ ਦੀ ਮਿਆਦ 'ਚ 73.72 ਲੱਖ ਰੁਪਏ ਦਾ ਨਿਵੇਸ਼ ਕੀਤਾ। ਹਾਲਾਂਕਿ, ਜਦੋਂ ਬਾਅਦ 'ਚ ਪੀੜਤ ਵਿਅਕਤੀ ਨੂੰ ਕੋਈ ਲਾਭ ਨਹੀਂ ਮਿਲਿਆ ਤਾਂ ਉਸ ਨੂੰ ਸ਼ੱਕ ਹੋਇਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੇ ਵਾਅਦਾ ਕੀਤੇ ਗਏ ਲਾਭ ਅਤੇ ਨਿਵੇਸ਼ ਕੀਤੀ ਗਈ ਧਨਰਾਸ਼ੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਅਤੇ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਹ ਵਿਅਕਤੀ ਸ਼ਿਕਾਇਤ ਲੈ ਕੇ ਪੁਲਸ ਕੋਲ ਪਹੁੰਚਿਆ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਨੇ 4 ਜੁਲਾਈ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ) ਅਤੇ 34 (ਆਮ ਇਰਾਦਾ) ਸੂਚਨਾ ਤਕਨਾਲੋਜੀ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8