ਏਅਰ ਇੰਡੀਆ ਦੇ ਜਹਾਜ਼ 'ਚ ਖਟਮਲਾਂ ਦਾ ਆਤੰਕ, ਯਾਤਰੀਆਂ ਨੇ ਦੱਸੀ ਹੱਡਬੀਤੀ

07/24/2018 11:45:52 AM

ਬਿਜ਼ਨੈੱਸ ਡੈਸਕ — ਏਅਰ ਇੰਡੀਆ ਦੀ ਇਸ ਹਫਤੇ ਅਮਰੀਕਾ ਤੋਂ ਮੁੰਬਈ ਦੀ ਇਕ ਉਡਾਣ ਦੇ 'ਬਿਜ਼ਨੈੱਸ ਕਲਾਸ' ਯਾਤਰੀਆਂ ਨੂੰ ਕਥਿਤ ਤੌਰ 'ਤੇ ਖਟਮਲਾਂ ਨੇ ਬਹੁਤ ਪਰੇਸ਼ਾਨ ਕੀਤਾ। ਇਥੋਂ ਤੱਕ ਕਿ ਖਟਮਲਾਂ ਨੇ ਬੱਚੇ ਨੂੰ ਵੀ ਕੱਟ ਲਿਆ। ਸੂਤਰਾਂ ਨੇ ਦੱਸਿਆ ਕਿ ਨੇਵਾਰਕ-ਮੁੰਬਈ ਉਡਾਣ 'ਚ ਖਟਮਲਾਂ ਨੇ ਕਥਿਤ ਤੌਰ 'ਤੇ ਬੱਚੇ ਨੂੰ ਕੱਟ ਲਿਆ। ਇਸ ਕਾਰਨ ਯਾਤਰੀ ਗੁੱਸੇ 'ਚ ਆ ਗਏ ਅਤੇ ਉਡਾਣ ਦੀ ਅੱਗੇ ਦੀ ਯਾਤਰਾ ਵਿਚ ਦੇਰ ਹੋਈ।


ਅਮਰੀਕਾ ਤੋਂ ਮੰਗਲਵਾਰ ਨੂੰ ਮੁੰਬਈ ਆ ਰਹੇ ਜਹਾਜ਼ 'ਚ ਬੈਠੇ ਯਾਤਰੀਆਂ ਨੂੰ ਕਥਿਤ ਤੌਰ 'ਤੇ ਇਸ ਅਨੁਭਵ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵਿਚੋਂ ਇਕ ਨੇ ਇਸ ਬਾਰੇ 'ਚ ਟਵੀਟ ਕਰਕੇ ਆਪਣੀ ਤਕਲੀਫ ਦੱਸੀ। ਪ੍ਰਵੀਨ ਤੋਨਸੇਕਰ ਨੇ ਟਵੀਟ ਕੀਤਾ ਕਿ ਏਅਰ ਇੰਡੀਆ 144 ਬਿਜ਼ਨੈੱਸ ਕਲਾਸ ਤੋਂ ਪਰਿਵਾਰ ਦੇ ਨਾਲ ਹੁਣੇ ਹੀ ਪਹੁੰਚਿਆ ਹਾਂ। ਸਾਡੀ ਸਾਰੀ ਸੀਟ ਵਿਚ ਖਟਮਲ ਸਨ। ਸਰ ਟ੍ਰੇਨਾਂ ਵਿਚ ਖਟਮਲ ਹੋਣ ਬਾਰੇ ਸੁਣਿਆ ਸੀ ਪਰ ਆਪਣੇ ਮਹਾਰਾਜਾ(ਏਅਰ ਇੰਡੀਆ) 'ਚ ਅਤੇ ਉਹ ਵੀ ਬਿਜ਼ਨੈੱਸ ਕਲਾਸ 'ਚ ਇਸ ਦਾ ਅਨੁਭਵ ਕਰਕੇ ਹੈਰਾਨ ਹਾਂ। ਉਨ੍ਹਾਂ ਨੇ ਆਪਣੇ ਟਵੀਟ 'ਤੇ ਏਅਰਲਾਈਨ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਵੀ ਟੈਗ ਕੀਤਾ। ਪ੍ਰਵੀਨ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਉਨ੍ਹਾਂ ਦੀਆਂ ਬੇਟੀਆਂ ਨੂੰ ਅੱਧੇ ਸਫਰ ਤੱਕ 'ਇਕੋਨਮੀ ਕਲਾਸ' 'ਚ ਟੁੱਟੇ ਹੋਏ ਟੇਬਲਾਂ ਅਤੇ ਬੰਦ ਟੀ.ਵੀ. ਨਾਲ ਸਮਾਂ ਗੁਜ਼ਾਰਨਾ ਪਿਆ।

ਏਅਰ ਲਾਈਨ ਨੇ ਆਪਣੇ ਜਵਾਬ ਵਿਚ ਟਵੀਟ ਕੀਤਾ ਹੈ ਕਿ ਇਹ ਸੁਣ ਕੇ ਸਾਨੂੰ ਅਫਸੋਸ ਹੈ। ਸ਼੍ਰੀ ਪ੍ਰਵੀਨ ਇਸ ਬਾਰੇ 'ਚ ਸੁਧਾਰਾਂ ਦੇ ਉਪਾਅ ਲਈ ਆਪਣੀ ਦੇਖਭਾਲ ਟੀਮ ਨਾਲ ਵੇਰਵੇ ਸਾਂਝੇ ਕਰ ਰਹੇ ਹਾਂ। ਹਾਲਾਂਕਿ ਏਅਰ ਇੰਡੀਆ ਦੇ ਬੁਲਾਰੇ ਦੀ ਟਿੱਪਣੀ ਦੀ ਉਡੀਕ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਏਅਰ ਇੰਡੀਆ ਦੀ ਦਿੱਲੀ-ਸੇਨ ਫਰਾਂਸਿਸਕੋ ਉਡਾਣ ਵਿਚ ਇਕ ਚੂਹਾ ਮਿਲਿਆ ਸੀ। ਇਸ ਤੋਂ ਬਾਅਦ ਜਹਾਜ਼ ਦੇ ਉਡਾਣ ਭਰਨ ਵਿਚ 9 ਘੰਟੇ ਦੀ ਦੇਰ ਹੋਈ ਸੀ।


Related News