ਦਲਾਈ ਲਾਮਾ ਦੇ ਉੱਤਰਾਧਿਕਾਰੀ ਦਾ ਮਾਮਲਾ UN ''ਚ ਚੁੱਕਿਆ ਜਾਵੇ : ਅਮਰੀਕੀ ਦੂਤ
Sunday, Nov 10, 2019 - 07:53 PM (IST)
ਵਾਸ਼ਿੰਗਟਨ - ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਮਾਮਲਿਆਂ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਆਖਿਆ ਕਿ ਦਲਾਈ ਲਾਮਾ ਦਾ ਉੱਤਰਾਧਿਕਾਰੀ ਚੁਣਨ ਦਾ ਮਾਮਲਾ ਸੰਯੁਕਤ ਰਾਸ਼ਟਰ 'ਚ ਚੁੱਕਿਆ ਜਾਵੇ। ਅਮਰੀਕਾ ਨੇ ਇਹ ਵੀ ਆਖਿਆ ਕਿ ਤਿੱਬਤੀਆਂ ਦੇ ਅਧਿਆਤਮਕ ਨੇਤਾ ਦਾ ਉੱਤਰਾਧਿਕਾਰੀ ਚੁੱਣਨ ਦੀ ਚੀਨ ਦੀ ਕੋਸ਼ਿਸ਼ ਨੂੰ ਰੋਕਿਆ ਜਾ ਸਕੇ। ਚੀਨ ਪਹਿਲਾਂ ਹੀ ਅਜਿਹੇ ਸੰਕੇਤ ਦੇ ਚੁੱਕਿਆ ਹੈ ਕਿ 14ਵੇਂ ਦਲਾਈ ਲਾਮਾ ਦਾ ਉੱਤਰਾਧਿਕਾਰੀ ਪੇਇਚਿੰਗ ਵੀ ਚੁੱਣ ਸਕਦਾ ਹੈ।
ਅਮਰੀਕੀ ਵਿਸ਼ੇਸ਼ ਦੂਤ ਸੈਮ ਬ੍ਰਾਊਨਬੈਕ ਨੇ ਆਖਿਆ ਕਿ ਉਨ੍ਹਾਂ ਨੇ 84 ਸਾਲਾ ਦਲਾਈ ਲਾਮਾ ਤੋਂ ਧਰਮਸ਼ਾਲਾ 'ਚ ਪਿਛਲੇ ਹਫਤੇ ਮੁਲਾਕਾਤ ਕਰਕੇ ਉੱਤਰਾਧਿਕਾਰੀ ਦੇ ਮਾਮਲੇ ਲੰਬੀ ਚਰਚਾ ਕੀਤੀ ਸੀ। ਬ੍ਰਾਊਨਬੈਕ ਨੇ ਦੱਸਿਆ ਕਿ ਉਨ੍ਹਾਂ ਨੇ ਦਲਾਈ ਲਾਮਾ ਨੂੰ ਕਿਹਾ ਕਿ ਅਮਰੀਕਾ ਇਸ ਗੱਲ ਲਈ ਗਲੋਬਲ ਪੱਧਰ 'ਤੇ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਕਿ ਅਗਲੇ ਅਧਿਆਤਮਕ ਨੇਤਾ ਦੀ ਚੋਣ ਚੀਨ ਸਰਕਾਰ ਨਹੀਂ ਬਲਕਿ ਬੁੱਧ ਧਰਮ ਦੇ ਤਿੱਬਤੀ ਪੈਰੋਕਾਰ ਕਰਨ।
ਉਨ੍ਹਾਂ ਆਖਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਨੂੰ ਚੁੱਕੇਗਾ। ਬ੍ਰਾਊਨਬੈਕ ਨੇ ਸਵੀਕਾਰ ਕੀਤਾ ਕਿ ਸੁਰੱਖਿਆ ਪ੍ਰੀਸ਼ਦ 'ਚ ਵੀਟੋ ਸ਼ਕਤੀ ਰੱਖਣ ਵਾਲਾ ਚੀਨ ਇਸ ਸਬੰਧੀ ਹਰ ਕਦਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੇਗਾ ਪਰ ਬਾਕੀ ਦੇਸ਼ ਸੰਯੁਕਤ ਰਾਸ਼ਟਰ 'ਚ ਆਪਣੀ ਆਵਾਜ਼ ਤਾਂ ਚੁੱਕ ਸਕਦੇ ਹਨ। ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਇਕ ਗਲੋਬਲ ਹਸਤੀ ਦਾ ਮੁੱਦਾ ਗਲੋਬਲ ਮੰਚ 'ਤੇ ਚੁੱਕਿਆ ਜਾਵੇ ਅਤੇ ਇਸ 'ਤੇ ਵਿਸ਼ਵ ਪੱਧਰ 'ਤੇ ਵਾਰਤਾ ਹੋਣੀ ਚਾਹੀਦੀ ਹੈ।
ਚੀਨ ਦੀ ਉਮੀਦ ਹੈ ਕਿ ਦਲਾਈ ਲਾਮਾ ਤੋਂ ਬਾਅਦ ਗ੍ਰੇਟਰ ਤਿੱਬਤ ਦਾ ਮੁੱਦਾ ਵੀ ਠੰਢੇ ਬਸਤੇ 'ਚ ਚਲਾ ਜਾਵੇਗਾ। ਚੀਨ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਚੋਣ ਚੀਨ ਹੀ ਕਰੇਗਾ। ਚੀਨ ਦੀਆਂ ਇਨ੍ਹਾਂ ਚਲਾਕੀਆਂ ਨੂੰ ਦੇਖਦੇ ਹੋਏ ਦਲਾਈ ਲਾਮਾ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਹਨ ਕਿ ਪਰੰਪਰਾ ਨੂੰ ਤੋੜਦੇ ਹੋਏ ਉਹ ਖਦ ਆਪਣੇ ਉੱਤਰਾਧਿਕਾਰੀ ਦੀ ਚੋਣ ਕਰ ਸਕਦੇ ਹਨ।