ਬੰਗਾਲ ਦੀ ਖਾੜੀ ’ਚ ਬਣਿਆ ਡੂੰਘਾ ਦਬਾਅ, ਸਾਈਕਲੋਨ ‘ਮੋਕਾ’ ’ਚ ਤਬਦੀਲ
Friday, May 12, 2023 - 01:51 PM (IST)

ਕੋਲਕਾਤਾ, (ਭਾਸ਼ਾ)- ਬੰਗਾਲ ਦੀ ਖਾੜੀ ’ਚ ਬਣਿਆ ਡੂੰਘਾ ਦਬਾਅ ਬੁੱਧਵਾਰ ਰਾਤ ਸਾਈਕਲੋਨ ‘ਮੋਕਾ’ ਵਿਚ ਬਦਲ ਗਿਆ। ਇਸ ਕਾਰਨ ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਅਤੇ ਮਿਆਂਮਾਰ ਦੇ ਸਿਤਵੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਮੋਕਾ’ ਕਾਰਨ ਅੰਡੇਮਾਨ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਸਾਈਕਲੋਨ ਵੀਰਵਾਰ ਸਵੇਰੇ 8.30 ਵਜੇ ਪੋਰਟ ਬਲੇਅਰ ਤੋਂ 510 ਕਿਲੋਮੀਟਰ ਦੱਖਣ-ਪੱਛਮ ਵੱਲ ਸੀ। ਇਸ ਦੇ ਕਿਸੇ ਵੇਲੇ ਵੀ ਗੰਭੀਰ ਸਾਈਕਲੋਨ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ।
ਵਿਭਾਗ ਨੇ ਕਿਹਾ ਕਿ ਇਹ 13 ਮਈ ਦੀ ਸ਼ਾਮ ਨੂੰ ਆਪਣੇ ਸਿਖਰ ’ਤੇ ਪਹੁੰਚ ਜਾਵੇਗਾ। ਫਿਰ 14 ਮਈ ਦੀ ਸਵੇਰ ਤੋਂ ਇਸ ਦੇ ਕੁਝ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਤੂਫਾਨ ਦੇ 120-130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕੋਕਸ ਬਾਜ਼ਾਰ ਅਤੇ ਕਿਓਕਪੁਏ ਦੇ ਵਿਚਕਾਰ ਦੱਖਣ-ਪੂਰਬੀ ਬੰਗਲਾਦੇਸ਼ ਅਤੇ ਉੱਤਰੀ ਮਿਆਂਮਾਰ ਦੇ ਕੰਢਿਆਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।