ਚੱਕਰਵਾਤੀ ਤੂਫ਼ਾਨ ‘ਜਵਾਦ’ ਦਾ ਕਹਿਰ, ਭਾਰਤੀ ਰੇਲਵੇ ਨੇ ਰੱਦ ਕੀਤੀਆਂ ਲੰਬੀ ਦੂਰੀਆਂ ਦੀਆਂ 53 ਟਰੇਨਾਂ
Thursday, Dec 02, 2021 - 04:34 PM (IST)
ਦਿਘਾ (ਵਾਰਤਾ)— ਪੱਛਮੀ ਬੰਗਾਲ ਦੇ ਤੱਟੀ ਖੇਤਰ ’ਚ ਚੱਕਰਵਾਤ ਤੂਫ਼ਾਨ ‘ਜਵਾਦ’ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਮਛੇਰੇ ਭਾਈਚਾਰੇ ਅਤੇ ਸੈਲਾਨੀਆਂ ਨੂੰ ਸਮੁੰਦਰ ਨੇੜੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਹੈ। ਤੂਫ਼ਾਨ ਇਸ ਹਫ਼ਤੇ ਦੇ ਅਖ਼ੀਰ ਵਿਚ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਦੱਖਣੀ ਬੰਗਾਲ ਦੇ ਕੁਝ ਹਿੱਸਿਆਂ ਨਾਲ ਟਕਰਾ ਸਕਦਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਵਿਚ ਤੇਜ਼ ਹਵਾ ਨਾਲ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਰੇਲਵੇ ਨੇ 53 ਟਰੇਨਾਂ ਨੂੰ ਕੀਤਾ ਰੱਦ-
ਚੱਕਰਵਾਤੀ ਤੂਫ਼ਾਨ ‘ਜਵਾਦ’ ਦੇ ਖ਼ਤਰੇ ਨੂੰ ਵੇਖਦੇ ਹੋਏ ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ 3 ਅਤੇ 4 ਦਸੰਬਰ ਨੂੰ 53 ਲੰਬੀ ਦੂਰੀ ਦੀਆਂ ਟਰੇਨਾਂ ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਸ਼ੁੱਕਰਵਾਰ ਤੋਂ ਹਾਵੜਾ-ਸਿਕੰਦਰਾਬਾਦ ਫਲਕਨਾਮਾ ਐਕਸਪ੍ਰੈੱਸ, ਹਾਵੜਾ-ਹੈਦਰਾਬਾਦ ਪੱਛਮੀ ਤੱਟ, ਹਾਵੜਾ-ਐੱਮ. ਜੀ. ਆਰ. ਚੇਨਈ ਸੈਂਟਰਲ ਕੋਰੋ ਮੰਡਲ ਐਕਸਪ੍ਰੈੱਸ, ਸੰਤਰਾਗਾਚੀ-ਐੱਮ. ਜੀ. ਆਰ. ਚੇਨਈ ਸੈਂਟਰਲ ਐਕਸਪ੍ਰੈੱਸ, ਹਾਵੜਾ-ਯਸ਼ਵੰਤਪੁਰ, ਵਾਸਕੋਡਿਗਾਮਾ-ਹਾਵੜਾ ਐਕਸਪ੍ਰੈੱਸ, ਤਿਰੁਚਿਰਾਪੱਲੀ-ਹਾਵੜਾ ਐਕਸਪ੍ਰੈੱਸ ਟਰੇਨਾਂ ਰੱਦ ਰਹਿਣਗੀਆਂ।
160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ ਹਵਾ—
ਮੌਸਮ ਵਿਭਾਗ ਮੁਤਾਬਕ ਦੱਖਣੀ ਅੰਡਮਾਨ ਸਮੁੰਦਰ ਵਿਚ ਪੈਦਾ ਹੋਏ ਘੱਟ ਦਬਾਅ ਵਾਲੇ ਖੇਤਰ ਦੇ ਵੱਧ ਡੂੰਘਾਈ ਨਾਲ ਤੇਜ਼ ਹੋ ਕੇ 4 ਦਸੰਬਰ ਨੂੰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿਚ ਓਡੀਸ਼ਾ ਤੱਟ ਵੱਲ ਵੱਧ ਸਕਦਾ ਹੈ। ਸੋਮਵਾਰ ਤੱਕ ਮਛੇਰਿਆਂ ਅਤੇ ਸੈਲਾਨੀਆਂ ਨੂੰ ਸਮੁੰਦਰ ਨੇੜੇ ਜਾਣ ਦੀ ਮਨਾਹੀ ਹੈ। ਭਾਰਤ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਚੱਕਰਵਾਤ ਜਵਾਦ ਦੇ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਹਵਾ ਦੀ ਰਫ਼ਤਾਰ ਨਾਲ ਇਕ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿਚ ਤੱਟੀ ਓਡੀਸ਼ਾ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।