CUET-UG: 24 ਤੋਂ 28 ਅਗਸਤ ਤੱਕ ਹੋਵੇਗੀ ਪ੍ਰੀਖਿਆ, ਜਾਰੀ ਕੀਤੇ ਜਾਣਗੇ ਨਵੇਂ ਐਡਮਿਟ ਕਾਰਡ
Sunday, Aug 07, 2022 - 01:45 PM (IST)
ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਸੰਯੁਕਤ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (CUET-UG) 24 ਤੋਂ 28 ਅਗਸਤ ਤੱਕ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਤਕਨੀਕੀ ਖਰਾਬੀ ਕਾਰਨ ਪਿਛਲੇ ਹਫਤੇ ਪ੍ਰੀਖਿਆ ਰੱਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੂਜੇ ਪੜਾਅ ’ਚ 4-6 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਪ੍ਰਸ਼ਾਸਨਿਕ ਅਤੇ ਤਕਨੀਕੀ ਕਾਰਨਾਂ ਕਰ ਕੇ ਕੁਝ ਕੇਂਦਰਾਂ ’ਚ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਅਸੀਂ ਐਲਾਨ ਕੀਤਾ ਸੀ ਕਿ ਪ੍ਰੀਖਿਆ 12 ਤੋਂ 14 ਅਗਸਤ ਤੱਕ ਹੋਵੇਗੀ।
ਉਨ੍ਹਾਂ ਕਿਹਾ ਹਾਲਾਂਕਿ ਬਹੁਤ ਸਾਰੇ ਉਮੀਦਵਾਰਾਂ ਨੇ ਉਪਰੋਕਤ ਤਾਰੀਖ਼ਾਂ ’ਤੇ ਪ੍ਰੀਖਿਆ ਨਾ ਕਰਵਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਇਸ ਲਈ ਪ੍ਰੀਖਿਆ 24 ਤੋਂ 28 ਅਗਸਤ ਦਰਮਿਆਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਪ੍ਰੀਖਿਆ ਤੋਂ ਪਹਿਲਾਂ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ 17 ਸੂਬਿਆਂ ਦੇ ਕਈ ਕੇਂਦਰਾਂ 'ਤੇ ਪਹਿਲੀ ਸ਼ਿਫਟ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ, ਜਦਕਿ ਦੂਜੀ ਸ਼ਿਫਟ ਦੀ ਪ੍ਰੀਖਿਆ ਸਾਰੇ 489 ਕੇਂਦਰਾਂ 'ਤੇ ਰੱਦ ਕਰ ਦਿੱਤੀ ਗਈ ਸੀ। ਸ਼ੁੱਕਰਵਾਰ ਨੂੰ 50 ਕੇਂਦਰਾਂ 'ਤੇ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਸ਼ਨੀਵਾਰ ਨੂੰ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਏਜੰਸੀ ਨੇ 53 ਕੇਂਦਰਾਂ 'ਤੇ CUET-UG ਪ੍ਰੀਖਿਆ ਰੱਦ ਕਰ ਦਿੱਤੀ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਉਮੀਦਵਾਰਾਂ ਨੂੰ ਸੰਦੇਸ਼ ਭੇਜਿਆ ਸੀ।